ਆਹਲੂਪੁਰ ਕੋਲ ਨਿਊ ਢੰਡਾਲ ਨਹਿਰ ’ਚ ਪਿਆ 15 ਫੁੱਟ ਚੌੜਾ ਪਾੜ
Saturday, Dec 04, 2021 - 05:29 PM (IST)
ਸਰਦੂਲਗੜ੍ਹ (ਚੋਪੜਾ) : ਭਾਖੜਾ ਨਹਿਰ ਦੇ ਫਹਿਤਪੁਰ ਹੈਡ ਵਰਕਸ ਤੋਂ ਨਿਕਲਦੀ ਨਿਊ ਢੰਡਾਲ ਨਹਿਰ ਦੀ ਮਾੜੀ ਅਤੇ ਖਸਤਾ ਹਾਲਤ ਹੋਣ ਕਰਕੇ ਪਿੰਡ ਆਹਲੂਪੁਰ ਦੇ ਸਰਬਜੀਤ ਸਿੰਘ ਦੀ ਢਾਣੀ ਕੋਲੋਂ ਟੁੱਟਣ ਕਰਕੇ ਤਕਰੀਬਨ 15 ਫੁੱਟ ਚੌੜਾ ਪਾੜ ਪੈ ਗਿਆ ਅਤੇ ਇਸ ਨਾਲ 30- 35 ਏਕੜ ਵਿਚ ਬੀਜੀ ਕਣਕ ਦੀ ਫਸਲ ਵਿਚ ਪਾਣੀ ਭਰ ਗਿਆ। ਜਿਸ ਨੂੰ ਕਿਸਾਨਾਂ ਨੇ ਆਪਣੇ ਤੌਰ ’ਤੇ ਜੇ.ਸੀ.ਬੀ. ਮਸ਼ੀਨ ਦੀ ਸਹਾਇਤਾ ਨਾਲ ਭਰਕੇ ਹੋਰ ਫਸਲ ਨੂੰ ਖਰਾਬ ਹੋਣ ਤੋਂ ਬਚਾ ਲਿਆ। ਇਸ ਸਬੰਧੀ ਸਰਪੰਚ ਅਜੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਦੱਸਿਆ ਕਿ ਨਿਊ ਢੰਡਾਲ ਨਹਿਰ ਦੀ ਸਾਫ ਸਫਾਈ ਨਾ ਹੋਣ ਕਰਕੇ ਝਾੜੀਆਂ ਤੇ ਮਰੇ ਹੋਏ ਜਾਨਵਰ ਫਸਣ ਕਰਕੇ ਅਤੇ ਕਿਨਾਰਿਆਂ ਦੀ ਮਾੜੀ ਤੇ ਖਸਤਾ ਹਾਲਤ ਹੋਣ ਕਰਕੇ ਨਹਿਰ ਕਈ ਥਾਵਾਂ ਤੋਂ ਵਾਰ-ਵਾਰ ਟੁੱਟਦੀ ਰਹਿੰਦੀ ਹੈ। ਜਿਸ ਕਰਕੇ ਕਿਸਾਨਾਂ ਦੀਆਂ ਬੀਜੀਆਂ ਫਸਲਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਪਾਣੀ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਇਸ ਵਾਰ ਆਹਲੂਪੁਰ ਕੋਲੋ ਨਹਿਰ ਟੁੱਟਣ ਕਰਕੇ ਸਰਬਜੀਤ ਸਿੰਘ, ਸਤਵਿੰਦਰ ਸਿੰਘ, ਜੋਗਿੰਦਰ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ ਅਤੇ ਹੋਰ ਕਈ ਕਿਸਾਨਾਂ ਦੀ 30- 35 ਏਕੜ ਵਿਚ ਕਣਕ ਦੀ ਬੀਜੀ ਹੋਈ ਫਸਲ ਵਿਚ ਪਾਣੀ ਭਰ ਗਿਆ ਹੈ।
ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆ ਕਿਹਾ ਇਸ ਪੁਰਾਣੀ ਹੋ ਚੁੱਕੀ ਨਹਿਰ ਨੂੰ ਦੁਬਾਰਾ ਤੋਂ ਨਵਾ ਬਣਾਇਆ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਨਹਿਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਅਮਨ ਕੁਮਾਰ ਨੇ ਦੱਸਿਆ ਕਿ ਨਿਊ ਢੰਡਾਲ ਨਹਿਰ ਵਿਚੋਂ ਨਿਕਲਦੇ ਰੋੜਕੀ ਮਾਇਨਰ ਦੇ ਹੈਡ ਤੇ ਮਰਿਆ ਹੋਇਆ ਜਾਨਵਰ ਫੱਸਣ ਕਰਕੇ ਰੋੜਕੀ ਮਾਇਨਰ ਦਾ ਪਾਣੀ ਰੁੱਕ ਗਿਆ ਅਤੇ ਨਿਊ ਢੰਡਾਲ ਨਹਿਰ ਵਿਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਇਸ ਵਿਚ ਪਾੜ ਪੈ ਗਿਆ। ਜਿਸ ਨੂੰ ਜਲਦੀ ਹੀ ਭਰਵਾ ਕੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।