ਨਹਿਰ ਦਾ ਪਾਣੀ ਪਿੰਡਾਂ ''ਚ ਹੋਇਆ ਦਾਖਲ, ਲੋਕਾਂ ਕੀਤਾ ਚੱਕਾ ਜਾਮ

10/24/2017 7:06:14 AM

ਫਗਵਾੜਾ, (ਹਰਜੋਤ, ਜਲੋਟਾ)- ਨਹਿਰੀ ਵਿਭਾਗ ਵਲੋਂ ਬਿਨਾਂ ਅਗਾਊਂ ਸੂਚਨਾ ਦਿੱਤੇ ਨਹਿਰ ਵਿਚ ਪਾਣੀ ਛੱਡਣ ਨਾਲ ਪਿੰਡ ਮਾਨਾਂਵਾਲੀ ਸਮੇਤ ਕਈ ਪਿੰਡਾਂ ਦੇ ਖੇਤਾਂ ਅਤੇ ਘਰਾਂ 'ਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੇ ਨਕੋਦਰ ਰੋਡ 'ਤੇ ਜਾਮ ਲਗਾ ਦਿੱਤਾ। 
ਪੰਚਾਇਤ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸ਼ੇਰਗਿੱਲ, ਦਲਬੀਰ ਸਿੰਘ, ਪ੍ਰਕਾਸ਼ ਸਿੰਘ, ਰਸ਼ਪਾਲ ਸਿੰਘ ਜੌਹਲ, ਸ਼ਿੰਗਾਰਾ ਸਿੰਘ, ਕੁਲਵਿੰਦਰ ਸਿੰਘ, ਜਗਰਾਜ ਸਿੰਘ, ਪਵਿੱਤਰ ਸਿੰਘ, ਮਾਨ ਸਿੰਘ, ਵਰਿੰਦਰ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ ਸਰਪੰਚ, ਰੇਸ਼ਮ ਸਿੰਘ, ਅਮਨਦੀਪ ਸਿੰਘ ਅਤੇ ਬਲਕਾਰ ਸਿੰਘ ਪੰਚਾਇਤ ਮੈਂਬਰ ਤੇ ਹੋਰ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਮੌਕੇ 'ਤੇ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। 
ਇਸ ਮੌਕੇ ਧਰਨਾਕਾਰੀਆਂ ਨੇ ਮੰਗ-ਪੱਤਰ ਦਿੱਤਾ। ਇਸ ਸਮੇਂ ਉਨ੍ਹਾਂ ਦੱਸਿਆ ਕਿ ਅਜਿਹੀ ਸਮੱਸਿਆ ਪਹਿਲੀ ਵਾਰ ਨਹੀਂ ਹੋਈ ਹੈ। ਪਹਿਲਾਂ ਵੀ ਨਹਿਰੀ ਵਿਭਾਗ ਵਲੋਂ ਅਜਿਹੀਆਂ ਲਾਪਰਵਾਹੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ 25 ਲੱਖ ਰੁਪਏ ਦਾ ਫਸਲੀ ਤੇ ਹੋਰ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ 'ਚ ਉਨ੍ਹਾਂ ਨੂੰ ਅਜਿਹੀ ਮੁਸ਼ਕਲ ਅਤੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਨੇ ਤੁਰੰਤ ਪਾਣੀ ਬੰਦ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਜੋ ਨੁਕਸਾਨ ਹੋਇਆ ਹੈ, ਉਸ ਬਾਰੇ ਨਹਿਰੀ ਵਿਭਾਗ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਮੌਕੇ ਸੁਖਜੀਤ ਪਾਲ, ਮੱਖਣ ਸਿੰਘ, ਪੁਰਸ਼ੋਤਮ ਲਾਲ, ਗੋਪੀ, ਤਨਵੀਰ, ਲਾਡੀ, ਸ਼ਰਨਜੀਤ ਸਿੰਘ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਮਾਨ, ਨਰਿੰਦਰ ਸੰਧੂ, ਕੁਲਵੰਤ ਸਿੰਘ, ਨਛੱਤਰ ਕੁਮਾਰ, ਜੀਤਾ ਸਿੰਘ, ਅਮਰਦੀਪ ਸਿੰਘ, ਰੇਸ਼ਮ ਸਿੰਘ ਆਦਿ ਵੀ ਹਾਜ਼ਰ ਸਨ।


Related News