ਨਹਿਰ ''ਤੇ ਬਾਂਦਰਾਂ ਨੂੰ ਚੂਰਮਾ ਪਾਉਣ ਆਏ ਲੋਕਾਂ ਦੀ ਮਸਾਂ ਬਚੀ ਜਾਨ
Saturday, Jan 19, 2019 - 01:35 PM (IST)

ਤਲਵੰਡੀ ਸਾਬੋ : ਇੱਥੋਂ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਬਾਂਦਰਾਂ ਨੂੰ ਚੂਰਮਾ ਪਾਉਣ ਆਏ ਲੋਕਾਂ ਦੀ ਕਾਰ ਪਿੰਡ ਦੇ ਨਜ਼ਦੀਕ ਸੰਦੋਹ ਬ੍ਰਾਂਚ ਨਹਿਰ 'ਚ ਡਿਗ ਗਈ। ਕਾਰ 'ਚ ਇਕ ਬੱਚੇ ਸਮੇਤ 3 ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਪਿੰਡ ਭਾਗੀਵਾਂਦਰ ਦੇ ਨਾਲ ਲੱਗਦੇ ਪਿੰਡ ਜੀਵਨ ਸਿੰਘ ਵਾਲਾ ਤੋਂ ਇਕ ਵਿਅਕਤੀ, ਇਕ ਔਰਤ ਅਤੇ ਬੱਚੇ ਨਾਲ ਬਾਂਦਰਾਂ ਨੂੰ ਚੂਰਮਾ ਪਾਉਣ ਆਇਆ ਸੀ। ਜਦੋਂ ਉਕਤ ਲੋਕ ਚੂਰਮਾ ਪਾ ਕੇ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ 'ਚ ਡਿਗ ਗਈ। ਇਹ ਹਾਦਸਾ ਸੜਕ 'ਤੇ ਹੋਣ ਕਰਕੇ ਰਾਹਗੀਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਨਹਿਰ 'ਚ ਛਾਲ ਮਾਰ ਕੇ ਗੱਡੀ 'ਚ ਸਵਾਰ ਤਿੰਨੇ ਲੋਕਾਂ ਨੂੰ ਬਾਹਰ ਕੱਢ ਲਿਆ। ਦਿਲਚਸਪ ਗੱਲ ਇਹ ਰਹੀ ਕਿ ਜਦੋਂ ਇਕ ਵਿਅਕਤੀ ਆਪਣੇ ਕੱਪੜੇ ਉਤਾਰ ਕੇ ਗੱਡੀ ਸਵਾਰਾਂ ਨੂੰ ਕੱਢਣ ਨਹਿਰ 'ਚ ਕੁੱਦ ਗਿਆ ਤਾਂ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਪੈਂਟ 'ਚੋਂ ਪਰਸ ਗੁੰਮ ਸੀ, ਜਿਸ 'ਚ ਜ਼ਰੂਰੀ ਕਾਗਜ਼ਾਤ ਤੇ ਹਜ਼ਾਰਾਂ ਦੀ ਨਕਦੀ ਸੀ।