ਜਮਹੂਰੀ ਕਿਸਾਨ ਸਭਾ ਨੇ ਸੂਬਾ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਕੀਤਾ ਰੋਸ ਮੁਜ਼ਾਹਰਾ

Friday, Jun 22, 2018 - 05:12 AM (IST)

ਜਮਹੂਰੀ ਕਿਸਾਨ ਸਭਾ ਨੇ ਸੂਬਾ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਅਜਨਾਲਾ,   (ਬਾਠ)-  ਝੋਨੇ ਦੀ ਬੀਜਾਈ ਸਿਰ ’ਤੇ ਹੋਣ ਕਾਰਨ ਅਜੇ ਤੱਕ ਅਜਨਾਲਾ/ਰਮਦਾਸ ਅਧੀਨ ਆਉਂਦੇ ਰਜਬਾਹਿਅਾਂ, ਨਹਿਰਾਂ ਦੀ ਸਾਫ-ਸਫਾਈ ਅਤੇ ਪਾਣੀ ਛੱਡਣ ਦਾ ਪ੍ਰਬੰਧ ਨਾ ਹੋਣ ਕਰ ਕੇ ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸਤਨਾਮ ਸਿੰਘ ਰੰਧਾਵਾ ਚੱਕ ਅੌਲ ਤੇ ਤਹਿਸੀਲ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ ਦੀ ਸਾਂਝੀ ਅਗਵਾਈ ’ਚ ਕਈ ਸਾਲਾਂ ਤੋਂ ਪਾਣੀ ਨੂੰ ਤਰਸ ਰਹੀਆਂ ਨਹਿਰਾਂ ਅਤੇ ਇਨ੍ਹਾਂ ਨਹਿਰਾਂ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ  ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਸਬੰਧੀ ਡਾ. ਅਜਨਾਲਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਪੰਜਾਬ ਦੀ ਕਿਸਾਨੀ ਬਚਾਉਣ ਲਈ ਆਪਣੀਆਂ ਕਿਸਾਨ ਮਾਰੂ ਨੀਤੀਆਂ ਤਿਆਗ ਕੇ ਨਹਿਰੀ ਪਾਣੀ ਦੀ ਸਿੰਚਾਈ ਹਰ ਖੇਤ ਨੂੰ ਪਹੁੰਚਾਉਣ ਦੀ ਰਣਨੀਤੀ ਬਣਾ ਕੇ ਫੰਡ ਜਾਰੀ ਕੀਤੇ ਜਾਣੇ ਸਮੇਂ ਦੀ ਮੁੱਖ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਨਾ ਮਿਲਣ ਕਰ ਕੇ ਪੰਜਾਬ ’ਚ 15 ਲੱਖ ਬਿਜਲੀ ਦੇ ਟਿਊਬਵੈੱਲ ਅਤੇ ਦੂਸਰੇ ਪੰਪ ਸੈੱਟਾਂ ਰਾਹੀਂ ਕਿਸਾਨਾਂ ਵੱਲੋਂ ਖੇਤੀ ਸਿੰਚਾਈ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਸਾਲ 2 ਮੀਟਰ ਦੀ ਰਫਤਾਰ ਨਾਲ ਪਾਣੀ ਦਾ ਹੇਠਲਾ ਪੱਧਰ ਥੱਲੇ ਜਾ ਰਿਹਾ ਹੈ, ਜਿਸ ਕਾਰਨ 142 ਬਲਾਕਾਂ ’ਚੋਂ 121 ਬਲਾਕਾਂ ਦਾ ਪਾਣੀ ਬਹੁਤ ਹੇਠਾਂ ਜਾ ਚੁੱਕਾ ਹੈ ਅਤੇ ਗੰਧਲਾ ਹੋਣ ਕਾਰਨ ਪੀਣ ਯੋਗ ਨਹੀਂ ਰਿਹਾ।
ਵਰਣਨਯੋਗ ਹੈ ਕਿ ਇਕ ਕਿਲੋ ਚੌਲ ਦੀ ਪੈਦਾਵਾਰ ਲਈ ਕਰੀਬ 4 ਹਜ਼ਾਰ ਲਿਟਰ ਪਾਣੀ ਦੀ ਖਪਤ ਹੁੰਦੀ ਹੈ ਅਤੇ ਜੇ ਇਵੇਂ ਹੀ ਟਿਊਬਵੈੱਲਾਂ ਸਹਾਰੇ ਖੇਤੀ ਸਿੰਚਾਈ ਚੱਲਦੀ ਰਹੀ ਤਾਂ ਬਹੁਤ ਜਲਦ ਹੀ ਪੰਜਾਬ ਮਾਰੂਥਲ ਵੱਲ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਨਾਲਾ/ਰਮਦਾਸ ਏਰੀਏ ਨਾਲ ਲੱਗਦੀਆਂ ਨਹਿਰੀ ਜ਼ਮੀਨਾਂ ਅੰਦਰ ਕੱਲਰ ਦੀ ਮਿੱਟੀ ਹੋਣ ਕਾਰਨ ਇਨ੍ਹਾਂ ਜ਼ਮੀਨਾਂ ਨੂੰ ਨਿਰਵਿਘਨ ਨਹਿਰੀ ਪਾਣੀ ਦੀ ਲੋਡ਼ ਹੈ ਅਤੇ ਜੇਕਰ ਅਜਿਹਾ ਨਾ ਹੋ ਸਕਿਆ ਤਾਂ ਇਹ ਜ਼ਮੀਨਾਂ ਕੱਲਰ ਦੀ ਲਪੇਟ ਵਿਚ ਆ ਕੇ ਬੰਜਰ ਹੋ ਜਾਣਗੀਆਂ।
ਦੂਸਰੇ ਪਾਸੇ ਪਿੰਡ ਭੱਖਾ ਤਾਰਾ ਸਿੰਘ ਦੇ ਕਿਸਾਨਾਂ ’ਚ ਰਣਜੀਤ ਸਿੰਘ, ਮੇਜਰ ਸਿੰਘ, ਮਨਿੰਦਰ ਸਿੰਘ, ਪੰਜਾਬ ਸਿੰਘ, ਮਿਲਾਪ ਸਿੰਘ ਤੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਖੇਤੀਬਾਡ਼ੀ ਵਿਭਾਗ ਵੱਲੋਂ ਕਿਸਾਨਾਂ ਨੂੰ 20 ਜੂਨ ਨੂੰ ਝੋਨਾ ਲਾਉਣ ਦੇ ਫੈਸਲੇ ਦਾ ਜਿਥੇ ਪੰਜਾਬ ਦੇ ਕਿਸਾਨਾਂ ਨੇ ਸਵਾਗਤ ਕੀਤਾ, ਉਥੇ 20 ਜੂਨ ਬੀਤ ਜਾਣ ਦੇ ਬਾਵਜੂਦ ਨਹਿਰੀ ਵਿਭਾਗ ਵੱਲੋਂ ਨਹਿਰਾਂ ’ਚ ਪਾਣੀ ਛੱਡਣ ਦੀ ਕੋਈ ਹੀਲ-ਹੁੱਜਤ ਨਹੀਂ ਕੀਤੀ ਜਾ ਰਹੀ ਅਤੇ ਬਿਜਲੀ ਸਪਲਾਈ ਭਾਵੇਂ ਪੰਜਾਬ ਸਰਕਾਰ ਨੇ 8 ਘੰਟੇ ਨਿਰਵਿਘਨ ਚੱਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪਰ 8 ਘੰਟੇ ਸਪਲਾਈ ਬਿਜਲੀ ਵਿਭਾਗ ਦੀਆਂ ਖਾਮੀਆਂ ਦੀ ਭੇਟ ਚਡ਼੍ਹ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਥਾਂ-ਥਾਂ ਬਿਜਲੀ ਦੀਆਂ ਤਾਰਾਂ ’ਚ ਢਿੱਲ ਅਤੇ ਪੁਰਾਣੀਆਂ ਤੇ ਖਸਤਾ ਹਾਲਤ ਦੀਆਂ ਹੋਣ ਕਾਰਨ ਹਾਦਸੇ ਦਾ ਕਾਰਨ ਬਣਦੀਆਂ ਰਹਿੰਦੀਅਾਂ ਹਨ। ਨਹਿਰੀ ਵਿਭਾਗ ਨੂੰ ਬਿਨਾਂ ਦੇਰੀ ਕੀਤਿਆਂ ਟੇਲਾਂ ਤੱਕ ਪਾਣੀ ਨਿਰਵਿਘਨ ਛੱਡਣਾ ਚਾਹੀਦਾ ਹੈ ਤਾਂ ਜੋ ਸਿਰ ’ਤੇ ਖਡ਼੍ਹੀ ਝੋਨੇ ਦੀ ਲਵਾਈ ਨੂੰ ਮੁਕੰਮਲ ਕੀਤਾ ਜਾ ਸਕੇ।  
 


Related News