ਨਹਿਰ ''ਚ ਰੁੜੇ 2 ਵਿਅਕਤੀਆਂ ਦੇ ਮਾਮਲੇ ''ਚ ਨਵਾਂ ਖੁਲਾਸਾ

06/18/2019 5:02:14 PM

ਮਾਛੀਵਾੜਾ ਸਾਹਿਬ (ਟੱਕਰ) : ਲੰਘੀ 13 ਜੂਨ ਨੂੰ ਸਰਹਿੰਦ ਨਹਿਰ ਦੇ ਪਵਾਤ ਪੁਲ ਤੋਂ ਨੇੜਲੇ ਪਿੰਡ ਕੋਟਾਲਾ ਢਾਹਾ ਦੀ ਨਹਿਰ ਵਿਚ ਰੁੜੇ 2 ਵਿਅਕਤੀ ਕੁਲਦੀਪ ਸਿੰਘ ਤੇ ਗੁਰਦੀਪ ਸਿੰਘ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਪੁਲਸ ਮੁਤਾਬਕ ਗੁਰਦੀਪ ਸਿੰਘ ਨੇ ਆਤਮਹੱਤਿਆ ਕਰਨ ਲਈ ਨਹਿਰ ਵਿਚ ਛਾਲ ਮਾਰੀ ਸੀ ਅਤੇ ਇਸ ਦੌਰਾਨ ਉਸਦਾ ਦੋਸਤ ਕੁਲਦੀਪ ਸਿੰਘ ਉਸ ਨੂੰ ਬਚਾਉਣ ਦੇ ਚੱਕਰ ਵਿਚ ਨਹਿਰ ਵਿਚ ਰੁੜ ਗਿਆ। ਅੱਜ ਗੁਰਦੀਪ ਸਿੰਘ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਹਰਦੀਪ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਇਹ ਜੁੜਵਾ ਭਰਾ ਹੈ ਜੋ ਕਿ ਕੁਹਾੜਾ ਨੇੜੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਪਿੰਡ ਕੋਟਾਲਾ ਢਾਹਾ ਦਾ ਹੀ ਨਿਵਾਸੀ ਕੁਲਦੀਪ ਸਿੰਘ ਵੀ ਉਸਦੇ ਭਰਾ ਗੁਰਦੀਪ ਸਿੰਘ ਨਾਲ ਨੌਕਰੀ ਕਰਦਾ ਸੀ ਅਤੇ ਇਹ ਦੋਵੇਂ 13 ਜੂਨ ਨੂੰ ਹਰ ਰੋਜ਼ ਦੀ ਤਰ੍ਹਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਫੈਕਟਰੀ ਵਿਚ ਕੰਮ ਕਰਨ ਗਏ।

ਬਿਆਨਕਰਤਾ ਅਨੁਸਾਰ 13 ਜੂਨ ਨੂੰ ਸਾਢੇ 11 ਵਜੇ ਉਸਨੂੰ ਪਤਾ ਲੱਗਾ ਕਿ ਗੁਰਦੀਪ ਸਿੰਘ ਨੇ ਨਹਿਰ ਪੁਲ ਤੋਂ ਛਾਲ ਮਾਰ ਦਿੱਤੀ ਅਤੇ ਜਦੋਂ ਉਸਦਾ ਸਾਥੀ ਕੁਲਦੀਪ ਸਿੰਘ ਉਸ ਨੂੰ ਬਚਾਉਣ ਗਿਆ ਤਾਂ ਉਹ ਵੀ ਨਾਲ ਹੀ ਡੁੱਬ ਗਿਆ। ਹਰਦੀਪ ਸਿੰਘ ਨੇ ਬਿਆਨ ਦਿੱਤੇ ਮੇਰੇ ਭਰਾ ਦੀ ਅਲਮਾਰੀ 'ਚੋਂ ਇਕ ਡਾਇਰੀ ਮਿਲੀ ਜਿਸ ਵਿਚ ਪੇਜ਼ ਨੰ. 38 ਦੇ ਪਿਛਲੇ ਪਾਸੇ ਲਿਖਿਆ ਹੈ ਕਿ ਮੈਂ ਪਿੰਡ ਦੇ ਨਿਵਾਸੀ ਕੁਲਵਿੰਦਰ ਸਿੰਘ ਜਿਸ ਤੋਂ 15 ਲੱਖ ਰੁਪਏ ਲੈਣੇ ਹਨ ਉਹ ਮੈਨੂੰ ਨਹੀਂ ਦੇ ਰਿਹਾ ਅਤੇ ਪੈਸੇ ਨਾ ਮਿਲਣ ਕਾਰਨ ਉਹ ਬਹੁਤ ਦੁਖੀ ਹੈ।

ਇਸ ਮਾਮਲੇ 'ਚ ਇਕ ਬਲਜੀਤ ਸਿੰਘ ਨਾਮਕ ਵਿਅਕਤੀ ਵੀ ਸ਼ਾਮਲ ਹੈ ਜਿਨ੍ਹਾਂ ਕਰਕੇ ਮੈਂ ਆਤਮ-ਹੱਤਿਆ ਕਰ ਰਿਹਾ ਹਾਂ। ਸੁਸਾਈਡ ਨੋਟ ਵਿਚ ਉਸਨੇ ਲਿਖਿਆ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਕੁਲਵਿੰਦਰ ਸਿੰਘ ਤੇ ਬਲਜੀਤ ਸਿੰਘ ਹਨ। ਪੁਲਸ ਨੇ ਇਸ ਸੁਸਾਇਡ ਨੋਟ ਅਤੇ ਹਰਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਦੋਵੇਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਵਾਲੇ ਗੁਰਦੀਪ ਸਿੰਘ ਦੀ ਲਾਸ਼ ਅੱਜ ਨੀਲੋਂ ਪੁਲ ਵਿਖੇ ਬਰਾਮਦ ਹੋ ਗਈ ਜਿਸ ਨੂੰ ਪੁਲਸ ਨੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਜਦਕਿ ਦੂਜੇ ਵਿਅਕਤੀ ਕੁਲਦੀਪ ਸਿੰਘ ਦੀ ਨਹਿਰ ਵਿਚ ਤਲਾਸ਼ ਕੀਤੀ ਜਾ ਰਹੀ ਹੈ।


Gurminder Singh

Content Editor

Related News