ਭਾਖੜਾ ਨਹਿਰ ਵਿਚ ਡਿੱਗੇ ਮਨਰੇਗਾ ਮਜ਼ਦੂਰ ਦੀ ਲਾਸ਼ ਮਿਲੀ

Thursday, Sep 09, 2021 - 03:10 PM (IST)

ਭਾਖੜਾ ਨਹਿਰ ਵਿਚ ਡਿੱਗੇ ਮਨਰੇਗਾ ਮਜ਼ਦੂਰ ਦੀ ਲਾਸ਼ ਮਿਲੀ

ਸਰਦੂਲਗੜ੍ਹ (ਚੋਪੜਾ) : ਪਿਛਲੇ ਦਿਨੀਂ ਭਾਖੜਾ ਨਹਿਰ ਦੇ ਕੁਸਲਾ ਹੈੱਡ ਕੋਲ ਕੰਮ ਕਰਦੇ ਸਮੇਂ ਨਹਿਰ ਵਿਚ ਡਿੱਗੇ ਮਨਰੇਗਾ ਮਜ਼ਦੂਰ ਮੰਦਰ ਸਿੰਘ (50) ਪੁੱਤਰ ਕ੍ਰਿਪਾਲ ਸਿੰਘ ਵਾਸੀ ਕੁਸਲਾ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੁਸਲਾ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਪਹਿਰੇ ਭਾਖੜਾ ਨਹਿਰ ਵਿਚ ਅਚਾਨਕ ਪੈਰ ਫਿਸਲਣ ਕਾਰਣ ਮਨਰੇਗਾ ਮਜ਼ਦੂਰ ਮੰਦਰ ਸਿੰਘ ਭਾਖੜਾ ਨਹਿਰ ਵਿਚ ਡਿੱਗ ਗਿਆ ਸੀ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

ਉਕਤ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਸਹਾਇਤਾ ਨਾਲ ਨਹਿਰ ਵਿਚ ਪਾਣੀ ਬੰਦ ਕਰਵਾਇਆ ਗਿਆ ਸੀ ਅਤੇ ਅੱਜ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸਦੀ ਲਾਸ਼ ਨੂੰ ਪਿੰਡ ਕੋਲੋਂ ਹੀ ਨਹਿਰ ਵਿਚੋਂ ਕੱਢ ਲਿਆ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਕੁਆਰੇ ਲੜਕੇ ਛੱਡ ਗਿਆ ਹੈ। ਇਸ ਸਬੰਧੀ ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਜੌੜਕੀਆਂ ਨੇ 174 ਦੀ ਕਾਰਵਾਈ ਕਰਕੇ  ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News