ਆਰਥਿਕ ਤੰਗੀ ਕਾਰਨ ਕਿਸਾਨ ਨੇ ਨਹਿਰ ''ਚ ਮਾਰੀ ਛਾਲ
Thursday, Aug 13, 2020 - 05:57 PM (IST)
ਸਾਦਿਕ (ਪਰਮਜੀਤ): ਇੱਥੋ ਥੋੜ੍ਹੀ ਦੂਰ ਪਿੰਡ ਮੁਮਾਰਾ ਦੇ ਇੱਕ ਕਿਸਾਨ ਵਲੋਂ ਆਰਥਿਕ ਤੰਗੀ ਤੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਨਹਿਰ 'ਚ ਛਾਲ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਪੀ੍ਰਤ ਸਿੰਘ ਸੋਨੂੰ ਤੇ ਕਿਸਾਨ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਕਈ ਦਿਨਾਂ ਤੋਂ ਫਸਲਾਂ ਦੇ ਘੱਟ ਭਾਅ ਤੇ ਵੱਧ ਖਰਚੇ ਕਾਰਨ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਤੇ ਸਾਨੂੰ ਪਤਾ ਲੱਗਾ ਕਿ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ ਤਾਂ ਅਸੀਂ ਪਿੰਡ ਝੋਕ ਸਰਕਾਰੀ ਕੋਲ ਦੀ ਲੰਘਦੀ ਗੰਗ ਨਹਿਰ 'ਤੇ ਜਾ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਗੁਰਮੇਲ ਸਿੰਘ (55) ਪੁੱਤਰ ਬਲਵੰਤ ਸਿੰਘ ਜੱਟ ਸਿੱਖ ਘਰੋਂ ਸਾਈਕਲ ਤੇ ਗਿਆ ਤੇ ਨਹਿਰ ਕਿਨਾਰੇ ਸਾਈਕਲ ਤੇ ਬਟੂਆ ਰੱਖ ਕੇ ਛਾਲ ਮਾਰ ਦਿੱਤੀ। ਨਹਿਰ ਨੇੜੇ ਕੰਮ ਕਰਦੇ ਲੋਕਾਂ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਾਲਾਂ ਵੀ ਮਾਰੀਆਂ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਫਲ ਨਹੀਂ ਹੋ ਸਕੇ। ਇਸ ਦੀ ਸੂਚਨਾ ਥਾਣਾ ਸਾਦਿਕ ਦੇ ਮੁੱਖ ਅਫਸਰ ਰਾਜਬੀਰ ਸਿੰਘ ਸਰਾਂ ਨੂੰ ਦੇ ਦਿੱਤੀ ਗਈ ਹੈ।