46 ਲੱਖ ਰੁਪਏ ਦਾ ਕਰਜ਼ਾ ਚੁੱਕ 10 ਦਿਨ ਪਹਿਲਾਂ ਕੈਨੇਡਾ ਭੇਜੇ ਇਕਲੌਤੇ ਪੁੱਤ ਦੀ ਅਚਾਨਕ ਮੌਤ

Wednesday, Jul 26, 2023 - 05:56 PM (IST)

ਬਰਨਾਲਾ/ਭਦੌੜ (ਰਾਕੇਸ਼) : ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਸੰਧੂ ਕਲਾਂ ਤੋਂ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਪੜ੍ਹਾਈ ਕਰਨ ਅਤੇ ਰੋਜ਼ੀ ਰੋਟੀ ਦੀ ਭਾਲ ਲਈ 10 ਦਿਨ ਪਹਿਲਾਂ ਹੀ ਕੈਨੇਡਾ ਗਏ 17 ਸਾਲ ਦੇ ਇਕਲੌਤੇ ਪੁੱਤਰ ਜਗਜੀਤ ਸਿੰਘ ਪੁੱਤਰ ਲੱਛਮਣ ਸਿੰਘ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਆਉਣ ਕਾਰਣ ਮੌਤ ਹੋ ਗਈ। ਇਸ ਮਾਮਲੇ ਸਬੰਧੀ ਮ੍ਰਿਤਕ ਜਗਜੀਤ ਸਿੰਘ ਦੇ ਚਾਚਾ ਜਗਸੀਰ ਸਿੰਘ (ਨਿੱਕਾ) ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰਨ ਦੇ ਨਾਲ-ਨਾਲ ਰੁਜ਼ਗਾਰ ਕਰਨ ਲਈ ਸਿਰਫ 10 ਦਿਨ ਪਹਿਲਾਂ ਹੀ ਪਿੰਡ ਸੰਧੂਕਲਾ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਕੈਨੇਡਾ ਖੁਸ਼ੀ-ਖੁਸ਼ੀ ਘਰੋਂ ਗਿਆ ਸੀ ਪਰ ਕੀ ਪਤਾ ਸੀ ਕਿ ਕੈਨੇਡਾ ਵਿਚ ਉਸਦੀ ਮੌਤ ਉਸਨੂੰ ਉਡੀਕ ਰਹੀ ਹੈ। ਜਿੱਥੇ ਪਿਛਲੀ ਲੰਘੀ 24 ਜੁਲਾਈ ਨੂੰ ਅਚਾਨਕ ਜਗਜੀਤ ਸਿੰਘ ਨੂੰ ਹਾਰਟ-ਅਟੈਕ ਆਉਣ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਨਵੇਂ ਨਿਰਦੇਸ਼ ਕੀਤੇ ਜਾਰੀ

ਪੀੜਤ ਪਰਿਵਾਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾ ਮ੍ਰਿਤਕ ਦੀ ਭੈਣ ਵੀ ਕੈਨੇਡਾ ਪੜ੍ਹਾਈ ਲਈ ਗਈ ਸੀ, ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਨੂੰ ਵੀ ਕੈਨੇਡਾ ਭੇਜਿਆ ਸੀ। ਆਮ ਤੌਰ ’ਤੇ ਖੇਤੀਬਾੜੀ ਕਰਦੇ ਪਰਿਵਾਰ ਨੇ ਆਪਣੇ ਦੋਵੇਂ ਬੱਚਿਆਂ ਨੂੰ ਬੈਂਕ ਤੋਂ 35 ਲੱਖ ਅਤੇ ਆੜ੍ਹਤੀਏ ਤੋਂ 11 ਲੱਖ ਰੁਪਏ ਕੁੱਲ 46 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਵਿਦੇਸ਼ ਪੜ੍ਹਾਈ ਅਤੇ ਰੁਜ਼ਗਾਰ ਲਈ ਭੇਜਿਆ ਸੀ ਪਰ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਿੰਡ ਸੰਧੂਕਲਾ ਵਿਖੇ ਦਾਦਾ ਅਜਮੇਰ ਸਿੰਘ ਤੇ ਦਾਦੀ ਬਲਜੀਤ ਕੌਰ ਦਾ ਵੀ ਰੋ-ਰੋ ਬੁਰਾ ਹਾਲ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪ੍ਰਸ਼ਾਸਨ ਵਲੋਂ ਹੁਣ ਇਨ੍ਹਾਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਇਸ ਦੁੱਖਦਾਈ ਘਟਨਾ ’ਤੇ ਪੀੜਤ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ’ਤੇ ਚੜ੍ਹੇ ਕਰਜ਼ੇ ਲਈ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਪਿੱਛੇ ਰਹਿੰਦਾ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਗ਼ਮਗੀਨ ਮਾਹੌਲ ਹੈ। ਜਿੱਥੇ ਦਾਦਾ ਅਤੇ ਦਾਦੀ ਆਪਣੇ ਪੋਤੇ ਨੂੰ ਯਾਦ ਕਰਕੇ ਭੁੱਬਾ ਮਾਰ ਕੇ ਰੋ ਰਹੇ ਸਨ। ਇਸ ਮੌਕੇ ਜਸਪਾਲ ਸਿੰਘ, ਸੁਰਜੀਤ ਸਿੰਘ, ਪੰਚਾਇਤ ਮੈਂਬਰ ਬੂਟਾ ਸਿੰਘ, ਨੰਬਰਦਾਰ ਜੋਰਾ ਸਿੰਘ, ਕਰਤਾਰ ਸਿੰਘ, ਰੂਪ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ : 15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ, ਪਾੜ ਦਿੱਤੇ ਕੱਪੜੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News