ਕੈਨੇਡਾ ਜਾਣ ਦੇ ਚੱਕਰ ''ਚ ਲੁੱਟਿਆ ਗਿਆ ਪਰਿਵਾਰ, ਕੁੜੀ ਅਤੇ ਪਰਿਵਾਰ ਦੀ ਕਰਤੂਤ ਸੁਣ ਨਹੀਂ ਹੋਵੇਗਾ ਯਕੀਨ

Wednesday, Jun 14, 2017 - 07:27 PM (IST)

ਕੈਨੇਡਾ ਜਾਣ ਦੇ ਚੱਕਰ ''ਚ ਲੁੱਟਿਆ ਗਿਆ ਪਰਿਵਾਰ, ਕੁੜੀ ਅਤੇ ਪਰਿਵਾਰ ਦੀ ਕਰਤੂਤ ਸੁਣ ਨਹੀਂ ਹੋਵੇਗਾ ਯਕੀਨ

ਤਪਾ ਮੰਡੀ (ਸ਼ਾਮ, ਗਰਗ) : ਪੰਜਾਬ ਵਿਚ ਰੋਜ਼ਾਨਾ ਕੈਨੇਡਾ ਭੇਜਣ ਦੇ ਨਾਮ 'ਤੇ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਵੱਜਣ ਦੀਆਂ ਖਬਰਾਂ ਮਿਲਦੀਆਂ ਹਨ। ਅਜਿਹੀ ਹੀ ਇਕ ਅਜੀਬੋ-ਗਰੀਬ ਠੱਗੀ ਨੇੜਲੇ ਪਿੰਡ ਢਿੱਲਵਾਂ ਵਿਖੇ ਵੱਜਣ ਦੀ ਖਬਰ ਮਿਲੀ ਹੈ। ਢਿੱਲਵਾਂ ਵਾਸੀ ਗੁਰਮੀਤ ਸਿੰਘ ਪੁੱਤਰ ਅਮਰ ਸਿੰਘ ਨੇ ਐਸ.ਐਸ. ਪੀ ਬਰਨਾਲਾ ਨੂੰ ਦਿੱਤੀ ਲਿਖਤੀ ਦਰਖਾਸਤ 'ਚ ਦੱਸਿਆ ਕਿ ਉਹ ਆਪਣੇ ਪੁੱਤਰ ਗਗਨਵੀਰ ਸਿੰਘ ਨੂੰ ਕੈਨੇਡਾ ਭੇਜਣਾ ਚਾਹੁੰਦਾ ਸੀ। ਇਸ ਤਹਿਤ ਭੋਲਾ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਅਮਰਜੀਤ ਕੌਰ ਪਤਨੀ ਭੋਲਾ ਸਿੰਘ ਵਾਸੀ ਬੁਰਜ ਫਤਿਹਗੜ੍ਹ ਤਹਿਸੀਲ ਤਪਾ ਜ਼ਿਲਾ ਬਰਨਾਲਾ ਨੇ ਦੱਸ ਪਾਈ ਕਿ ਉਨ੍ਹਾਂ ਦੀ ਨੇੜਲੀ ਰਿਸ਼ਤੇਦਾਰੀ ਵਿਚੋ ਇਕ ਲੜਕੀ ਆਈਲੈਟਸ ਦੀ ਤਿਆਰੀ ਕਰਨਾ ਚਾਹੁੰਦੀ ਹੈ ਪਰ ਆਰਥਿਕ ਤੰਗੀ ਹੋਣ ਕਰਕੇ ਵਿਦੇਸ਼ ਜਾਣ ਦਾ ਖਰਚਾ ਨਹੀਂ ਕਰ ਸਕਦੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ ਉਕਤ ਰਾਹੀਂ ਉਹ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਮਿਲੇ। ਜਿੱਥੇ ਲੜਕੀ ਨੂੰ ਆਈਲੈਟਸ ਕਰਵਾਉਣ, ਕੈਨੇਡਾ ਭੇਜਣ ਅਤੇ ਕੈਨੇਡਾ ਵਿਚ ਪੜਾਈ ਕਰਨ ਦਾ ਸਾਰਾ ਖਰਚਾ ਕੀਤੇ ਜਾਣ ਦੀ ਗੱਲਬਾਤ ਕੀਤੀ ਅਤੇ ਸਾਰਾ ਖਰਚਾ ਕਰੀਬ 25 ਲੱਖ ਰੁਪਏ ਬੈਕਿੰਗ ਪ੍ਰਣਾਲੀ ਰਾਹੀਂ ਕਰ ਦਿੱਤਾ।
ਲੜਕੀ ਨੇ ਆਈਲੈਟਸ ਵਿਚੋਂ 6 ਬੈਂਡ ਹਾਸਲ ਕੀਤੇ ਅਤੇ ਮਿਤੀ 25 ਮਈ 2014 ਨੂੰ ਲੜਕੇ ਗਗਨਵੀਰ ਸਿੰਘ ਨਾਲ ਮੰਗਣੀ ਦੀ ਰਸਮ ਵੀ ਕਰਵਾ ਲਈ ਜਿਸਦੀਆਂ ਤਸਵੀਰਾਂ ਉਨ੍ਹਾਂ ਕੋਲ ਹਨ। ਇਸ ਦੌਰਾਨ ਵਿਆਹ ਕੈਨੇਡਾ 'ਚ ਪੱਕੇ ਹੋਣ ਤੋਂ ਬਾਅਦ ਹੋਣਾ ਤਹਿ ਹੋਇਆ। ਕੈਨੇਡਾ ਦੇ ਸਰੀ ਵਿਚ ਰਹਿਣ ਦਾ ਪੂਰਾ ਪ੍ਰਬੰਧ ਸਮੇਤ ਖਰਚਾ ਵੀ ਲੜਕਾ ਪਰਿਵਾਰ ਵੱਲੋਂ ਕੀਤਾ ਗਿਆ ਪਰ ਇਕ ਮਾਰਚ 2017 ਨੂੰ ਲੜਕੀ ਨੇ ਅਚਾਨਕ ਵਾਪਸ ਭਾਰਤ ਪਹੁੰਚ ਕੇ ਪਰਮਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਠੱਕਰਵਾਲ ਡਾਕਖਾਨਾ ਲਲਤੋਂ ਕਲਾਂ ਜ਼ਿਲਾ ਲੁਧਿਆਣਾ ਨਾਲ ਵਿਆਹ ਕਰਵਾ ਲਿਆ ਅਤੇ 10 ਮਾਰਚ ਨੂੰ ਮੁੜ ਵਿਦੇਸ਼ ਪਰਤ ਗਈ। ਪਤਾ ਲੱਗਣ 'ਤੇ ਉਨ੍ਹਾਂ ਸੰਬੰਧਤ ਪਰਿਵਾਰ ਨੂੰ ਮਿਲ ਕੇ ਸਬੂਤਾਂ ਸਮੇਤ ਦੱਸਿਆ ਕਿ ਉਕਤ ਲੜਕੀ ਦੀ ਮੰਗਣੀ ਪਹਿਲਾਂ ਹੀ ਉਨ੍ਹਾਂ ਪੁੱਤਰ ਨਾਲ ਹੋ ਚੁੱਕੀ ਹੈ ਪਰ ਉਕਤ ਪਰਿਵਾਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਆਖ ਕੇ ਵਾਪਸ ਮੋੜ ਦਿੱਤਾ।
ਆਖਰ ਉਨ੍ਹਾਂ ਇਨਸਾਫ ਲੈਣ ਲਈ 9 ਜੂਨ 2017 ਨੂੰ ਲਿਖਤੀ ਦਰਖਾਸਤ ਐਸ.ਐਸ.ਪੀ. ਬਰਨਾਲਾ ਨੂੰ ਪੇਸ਼ ਕੀਤੀ। ਜਿਸ ਸੰਬੰਧੀ ਡੀ.ਐਸ.ਪੀ ਬਰਨਾਲਾ ਰਾਜੇਸ਼ ਛਿੱਬਰ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਪ੍ਰੰਤੂ ਅਜੇ ਤੱਕ ਕੋਈ ਵੀ ਮੁਕੱਦਮਾ ਦਰਜ ਨਹੀਂ ਕੀਤਾ। ਉਨਾਂ੍ਹ ਮੰਗ ਕੀਤੀ ਕਿ ਉਕਤ ਲੜਕੀ, ਉਸਦੀ ਮਾਤਾ, ਭਰਾ, ਅਮਰਜੀਤ ਕੌਰ ਪਤਨੀ ਭੋਲਾ ਸਿੰਘ, ਭੋਲਾ ਸਿੰਘ ਪੁੱਤਰ ਭਗਵਾਨ ਸਿੰਘ ਸਾਰੇ ਵਾਸੀ ਬੁਰਜ ਫਤਿਹਗੜ੍ਹ(ਸ਼ਹਿਣਾ) ਤਹਿਸੀਲ ਤਪਾ ਜ਼ਿਲਾ ਬਰਨਾਲਾ ਅਤੇ ਪਰਮਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ, ਮਨਦੀਪ ਕੌਰ ਪਤਨੀ ਹਰਦਿਆਲ ਸਿੰਘ ਅਤੇ ਹਰਦਿਆਲ ਸਿੰਘ ਸਾਰੇ ਵਾਸੀ ਠੱਕਰਵਾਲ ਖਿਲਾਫ ਧਾਰਾ 406 ਅਤੇ 420 ਤਹਿਤ ਮਾਮਲਾ ਦਰਜ ਕਰਕੇ ਇਨਸਾਫ ਦਿਵਾਇਆ ਜਾਵੇ। ਨਾਲ ਹੀ ਠੱਗੀ ਮਾਰਨ ਵਾਲੀ ਉਕਤ ਲੜਕੀ ਨੂੰ ਵਿਦੇਸ ਤੋਂ ਵਾਪਸ ਬੁਲਾਇਆ ਜਾਵੇ ਅਤੇ ਖਰਚ ਕੀਤੀ ਸਾਰੀ ਰਕਮ ਵਾਪਸ ਦਿਵਾਈ ਜਾਵੇ। ਇਸ ਸੰਬੰਧੀ ਜਦ ਜਾਂਚ ਅਧਿਕਾਰੀ ਡੀ.ਐਸ.ਪੀ ਬਰਨਾਲਾ ਛਿੱੱਬਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੀਟਿੰਗ 'ਚ ਬੈਠੇ ਸਨ ਗੱਲ ਨਹੀਂ ਹੋ ਸਕੀ।


Related News