ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

9/19/2020 2:58:22 PM

ਟਾਂਡਾ ਉੜਮੁੜ (ਮੋਮੀ, ਪੰਡਿਤ) : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ 7 ਲੱਖ 70 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਇਕ ਟਰੈਵਲ ਏਜੰਟ ਖ਼ਿਲਾਫ਼ ਟਾਂਡਾ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਇਹ ਮਾਮਲਾ ਲੁਧਿਆਣਾ ਦੇ ਇਕ ਟਰੈਵਲ ਏਜੰਟ ਖ਼ਿਲਾਫ਼ ਦਰਜ ਕੀਤਾ ਹੈ। ਟਰੈਵਲ ਏਜੰਟ ਦੀ ਧੋਖਾਦੇਹੀ ਦਾ ਸ਼ਿਕਾਰ ਹੋਏ ਸਾਹਿਬ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਗੰਧੋਵਾਲ ਨੇ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਜੋਧਾ ਸਿੰਘ ਨੂੰ ਵਿਦੇਸ਼ (ਕੈਨੇਡਾ) ਭੇਜਣ ਲਈ ਸੁਖਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਛੋਟੀ ਹੈਬੋਵਾਲ ਖੁਰਦ ਹੰਬੜਾ ਰੋਡ, ਲੁਧਿਆਣਾ ਨੂੰ ਤਹਿ ਕੀਤੇ ਗਏ 12 ਲੱਖ ਰੁਪਏ 'ਚੋਂ 7 ਲੱਖ 70 ਹਜ਼ਾਰ ਰੁਪਏ ਵੱਖ-ਵੱਖ ਤਰੀਕਾਂ 'ਤੇ ਦਿੱਤੇ ਸਨ।

ਸੁਖਮੀਤ ਨੇ ਇਕ ਮਹੀਨੇ ਦੇ ਅੰਦਰ-ਅੰਦਰ ਜੋਧਾ ਸਿੰਘ ਨੂੰ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਬਹੁਤ ਜ਼ਿਆਦਾ ਸਮਾਂ ਬੀਤਣ 'ਤੇ ਵੀ ਉਸ ਦਾ ਪੁੱਤਰ ਜੋਧਾ ਸਿੰਘ ਕੈਨੇਡਾ ਨਹੀਂ ਪਹੁੰਚਿਆ। ਪੈਸੇ ਵਾਪਸ ਮੰਗਣ 'ਤੇ ਸੁਖਮੀਤ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕਦਾ ਅਤੇ ਧਮਕੀਆਂ ਦਿੰਦਾ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor Gurminder Singh