GST ਚੋਰੀ ਕਰਨ ਵਾਲਿਆਂ ਵਿਰੁੱਧ ਮੁਹਿੰਮ ਜਾਰੀ, 12 ਫਰਨੇਸਾਂ ਦੀ ਜਾਂਚ, 60 ਵਾਹਨ ਕੀਤੇ ਜ਼ਬਤ : ਹਰਪਾਲ ਚੀਮਾ

Tuesday, Aug 29, 2023 - 12:20 AM (IST)

ਮੰਡੀ ਗੋਬਿੰਦਗੜ੍ਹ, ਲੁਧਿਆਣਾ (ਸੁਰੇਸ਼, ਸੇਠੀ)-ਲੋਹਾ ਅਤੇ ਸਟੀਲ ਉਦਯੋਗ ਵਿਚ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਦੀ ਚੋਰੀ ਦਾ ਪਤਾ ਲਗਾਉਣ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਦੀ ਨਿਰੰਤਰਤਾ ਤਹਿਤ ਕਰ ਵਿਭਾਗ ਦੇ ਮੋਬਾਈਲ ਵਿੰਗਾਂ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਅਚਨਚੇਤ ਕਾਰਵਾਈ ਦੌਰਾਨ 12 ਭੱਠੀਆਂ (ਫਰਨੇਸ) ਦੀ ਜਾਂਚ ਕੀਤੀ ਗਈ ਤੇ 60 ਵਾਹਨ ਜ਼ਬਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ), ਰੋਪੜ, ਪਟਿਆਲਾ, ਸ਼ੰਭੂ ਅਤੇ ਜਲੰਧਰ ਦੇ ਮੋਬਾਈਲ ਵਿੰਗਾਂ ਵੱਲੋਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਕਾਰਨ ਬਦਲਿਆ 6ਵੀਂ ਤੋਂ 12ਵੀਂ ਦੀ ਟਰਮ ਪ੍ਰੀਖਿਆ ਦਾ ਸ਼ਡਿਊਲ

ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਲੋਹੇ ਦੇ ਕਬਾੜ ਅਤੇ ਤਿਆਰ ਮਾਲ ਨੂੰ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਕਰਨ 'ਤੇ ਕੇਂਦ੍ਰਿਤ ਸੀ ਅਤੇ ਜ਼ਬਤ ਕੀਤੇ ਗਏ ਜ਼ਿਆਦਾਤਰ ਵਾਹਨਾਂ ਵਿਚ ਢੋਆ-ਢੁਆਈ ਕੀਤੇ ਜਾ ਰਹੇ ਸਾਮਾਨ ਦੇ ਅਨੁਸਾਰ ਲੋੜੀਂਦੇ ਈ-ਵੇਅ ਬਿੱਲਾਂ ਦੀ ਘਾਟ ਸੀ। ਵਿੱਤ ਮੰਤਰੀ ਨੇ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਢੋਏ ਜਾ ਰਹੇ ਉਕਤ ਸਾਮਾਨ ਲਈ ਸਬੰਧਤ ਵਿਕਰੇਤਾ ਵੱਲੋਂ ਲੋੜੀਂਦੇ ਕਰ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਉਤਾਰਿਆ ਮੌਤ ਦਾ ਘਾਟ

ਵਿੱਤ ਮੰਤਰੀ ਨੇ ਕਰ ਚੋਰੀ ਕਰਨ ਵਾਲਿਆਂ ਨੂੰ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਲਈ ਸਖ਼ਤ ਚ‌ਿਤਾਵਨੀ ਦਿੰਦਿਆਂ ਕਿਹਾ ਕਿ ਕੁਝ ਫਰਮਾਂ ਅਤੇ ਟਰੱਕਾਂ ਵੱਲੋਂ ਵਾਰ-ਵਾਰ ਜੀ. ਐੱਸ. ਟੀ. ਦੀ ਚੋਰੀ ਕਰਨ ਦੀਆਂ ਰਿਪੋਰਟਾਂ ਵਿਭਾਗ ਨੂੰ ਪ੍ਰਾਪਤ ਹੋਈਆਂ ਹਨ ਅਤੇ ਇਸੇ ਦੇ ਮੱਦੇਨਜ਼ਰ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਅਤੇ ਕਰ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਰ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਅਜਿਹੀਆਂ ਅਚਨਚੇਤ ਚੈਕਿੰਗ ਮੁਹਿੰਮਾਂ ਚਲਾਈਆਂ ਜਾਣ।

ਇਹ ਖ਼ਬਰ ਵੀ ਪੜ੍ਹੋ : PSPCL ਨੇ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ

ਇਨ੍ਹਾਂ 12 ਯੂਨਿਟਾਂ ’ਤੇ ਹੋਈ ਇੰਸਪੈਕਸ਼ਨ

12 ਯੂਨਿਟਾਂ ’ਤੇ ਵਿਭਾਗੀ ਕਾਰਵਾਈ ਕੀਤੀ ਗਈ, ਜਿਸ ’ਚ ਪੀ. ਪੀ. ਕਾਸਟਿੰਗ, ਰਾਮ ਜੀ ਕੌਨ ਕਾਸਟ, ਬਾਂਸਲ ਰੋਲਿੰਗ ਮਿੱਲ, ਫਾਰਚੂਨ, ਜੇ. ਐੱਸ. ਖਾਲਸਾ ਸਟੀਲਸ, ਸਟੀਲ ਟੈੱਕ ਅਲਾਇਜ਼ ਪ੍ਰਾ. ਲਿ., ਐੱਚ. ਐੱਲ. ਚੋਪੜਾ, ਗਿਆਨ ਕਾਸਟਿੰਗ, ਰੀਗਲ ਸਟੀਲਸ, ਅੰਬੇ ਸਟੀਲਸ, ਮਾਟਾ ਆਇਲਸ, ਟੀ. ਡੀ. ਮਿੱਲ ਸ਼ਾਮਲ ਹਨ।

ਸਭ ਤੋਂ ਜ਼ਿਆਦਾ ਗੱਡੀਆਂ ਐੱਸ. ਡੀ. ਓ. ਲਖਵੀਰ ਸਿੰਘ ਚਹਿਲ ਵੱਲੋਂ ਫੜੀਆਂ ਗਈਆਂ ਹਨ। ਇਸ ਕਾਰਵਾਈ ਦੌਰਾਨ ਸਟੇਟ ਵੈਕਸ ਅਫਸਰ ਲਖਵੀਰ ਸਿੰਘ ਚਹਿਲ ਨੇ ਸਭ ਤੋਂ ਜ਼ਿਆਦਾ 15 ਗੱਡੀਆਂ ਫੜੀਆਂ। ਇਸ ਦੀਆਂ 95 ਫੀਸਦੀ ਗੱਡੀਆਂ ਮਿੱਲ ਦੇ ਅੰਦਰੋਂ ਫੜੀਆਂ ਗਈਆਂ ਹਨ, ਜਿਸ ’ਚ ਜ਼ਿਆਦਾਤਰ ਗੱਡੀਆਂ ਬਿਨਾਂ ਬਿੱਲ ਦੇ ਸਨ, ਜਦਕਿ ਫਿਜ਼ੀਕਲ ਚੈਕਿੰਗ ਕਰਕੇ ਜੁਰਮਾਨਾ ਤੈਅ ਕੀਤਾ ਜਾਵੇਗਾ ਅਤੇ ਬਣਦਾ ਟੈਕਸ ਤੇ ਜੁਰਮਾਨਾ ਵਸੂਲ ਕੀਤਾ ਜਾਵੇਗਾ।

ਵਿਭਾਗ ਦਾ ਟਾਰਗੈੱਟ, ਟੈਕਸ ਚੋਰੀ ਕਿਸੇ ਵੀ ਕੀਮਤ ’ਤੇ ਰੋਕਿਆ ਜਾਵੇ

‘ਜਗ ਬਾਣੀ’ ਨਾਲ ਗੱਲ ਕਰਦੇ ਹੋਏ ਐਡੀਸ਼ਨਲ ਕਮਿਸ਼ਨਰ ਪੰਜਾਬ ਪੀ. ਸੀ. ਐੱਸ. ਜੀਵਨਜੋਤ ਕੌਰ ਨੇ ਮਾਮਲੇ ਸਬੰਧੀ ਕਿਹਾ ਕਿ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਇਕ ਸਪੈਸ਼ਲ ਟੀਮ ਦਾ ਗਠਨ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਵਿਚ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਲੜੀ ਵਿਚ ਸੋਮਵਾਰ ਨੂੰ ਕਾਰਵਾਈ ਕੀਤੀ ਗਈ, ਜਿਸ ਵਿਚ ਫੜੀਆਂ ਗਈਆਂ ਗੱਡੀਆਂ ਵਿਚ ਜ਼ਿਆਦਾਤਰ ਸਕ੍ਰੈਪ ਹੈ ਅਤੇ ਬਿਨਾਂ ਬਿੱਲ ਤੇ ਜਿਸ ਵਿਚ ਜੀ. ਐੱਸ. ਟੀ. ਦਾ ਭੁਗਤਾਨ ਵੀ ਨਹੀਂ ਕੀਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦਾ ਟਾਰਗੈੱਟ ਹੈ ਕਿ ਟੈਕਸ ਚੋਰੀ ਨੂੰ ਕਿਸੇ ਵੀ ਕੀਮਤ ’ਤੇ ਰੋਕਿਆ ਜਾਵੇ।


Manoj

Content Editor

Related News