ਕੈਂਬ੍ਰਿਜ ਦਾ ਯੁਵਰਾਜ ਬਣਿਆ ''ਸਿਟੀ ਟਾਪਰ'', ਹਾਸਲ ਕੀਤਾ ਆਲ ਇੰਡੀਆ ਰੈਂਕ-195
Monday, Jun 11, 2018 - 07:00 AM (IST)
ਜਲੰਧਰ, (ਵਿਨੀਤ)- ਦੇਸ਼ ਭਰ ਦੇ ਆਈ. ਆਈ. ਟੀ. ਤੇ ਐੱਨ. ਆਈ. ਟੀ. ਸੰਸਥਾਨਾਂ 'ਚ ਦਾਖਲੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਐਲਾਨ ਹੋਏ ਨਤੀਜੇ 'ਚ ਕੈਂਬ੍ਰਿਜ ਇੰਟਰਨੈਸ਼ਨਲ ਕੋ-ਐਡ ਸਕੂਲ, ਛੋਟੀ ਬਾਰਾਂਦਰੀ ਦੇ ਵਿਦਿਆਰਥੀ ਯੁਵਰਾਜ ਆਜ਼ਾਦ ਨੇ ਆਲ ਇੰਡੀਆ ਰੈਂਕ-195 ਹਾਸਲ ਕਰ ਕੇ ਜਿਥੇ ਸਫਲਤਾ ਦਾ ਝੰਡਾ ਲਹਿਰਾਇਆ, ਉਥੇ ਮਹਾਨਗਰ 'ਚ ਵੀ ਟਾਪ ਕਰ ਕੇ ਆਪਣੇ ਪਰਿਵਾਰ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਯੁਵਰਾਜ ਨੇ ਜੇ. ਈ. ਈ. ਮੇਨਜ਼-2018 ਦੇ ਨਤੀਜੇ 'ਚ ਆਲ ਇੰਡੀਆ ਰੈਂਕ-155 ਹਾਸਲ ਕਰ ਕੇ ਵੀ ਮਹਾਨਗਰ 'ਚ ਟਾਪ ਕੀਤਾ ਸੀ। ਯੁਵਰਾਜ ਦੀ ਇਸ ਉਪਲਬਧੀ ਕਾਰਨ ਉਸ ਨੂੰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪ੍ਰਬੰਧਕਾਂ ਵੱਲੋਂ 1 ਲੱਖ ਰੁਪਏ ਦਾ ਚੈੱਕ ਵੀ ਇਨਾਮ ਵਜੋਂ ਭੇਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀ ਆਦਿਤਿਆ ਗੋਇਲ, ਜਿਸ ਨੇ ਜੇ. ਈ. ਈ. ਮੇਨਜ਼ ਦੀ ਪ੍ਰੀਖਿਆ 'ਚ 815ਵਾਂ ਆਲ ਇੰਡੀਆ ਰੈਂਕ ਹਾਸਲ ਕਰ ਕੇ ਸਿਟੀ 'ਚ ਦੂਜਾ ਸਥਾਨ ਹਾਸਲ ਕੀਤਾ ਸੀ, ਨੇ ਇਸ ਵਾਰ ਵੀ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ 'ਚ 1541ਵਾਂ ਆਲ ਇੰਡੀਆ ਰੈਂਕ ਹਾਸਲ ਕਰ ਕੇ ਫਿਰ ਤੋਂ ਮਹਾਨਗਰ 'ਚ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਐਲਾਨੇ ਨਤੀਜੇ ਅਨੁਸਾਰ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਰੈਂਕ ਹਾਸਲ ਕਰ ਕੇ ਇਸ ਪ੍ਰੀਖਿਆ 'ਚ ਸਫਲਤਾ ਹਾਸਲ ਕੀਤੀ।

'ਅਧਿਆਪਕਾਂ ਦੇ ਟਿਪਸ' ਤੇ 'ਸੈਲਫ ਸਟੱਡੀ' ਸਦਕਾ ਮਿਲੀ ਸਫਲਤਾ
'ਇਸੇ ਸਾਲ ਐੱਨ. ਟੀ. ਐੱਸ. ਈ. ਪ੍ਰੀਖਿਆ ਕਲੀਅਰ ਕਰਨ ਤੋਂ ਬਾਅਦ ਹੀ ਮੈਂ ਸੋਚ ਲਿਆ ਸੀ ਕਿ ਆਪਣੇ ਇੰਜੀਨੀਅਰ ਬਣਨ ਦੇ ਸੁਪਨੇ ਮੁਤਾਬਕ ਜੇ. ਈ. ਈ. ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਾਂਗਾ। ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਸਲਾਹ ਦੇਵਾਂਗਾ ਕਿ 'ਜੋ ਵੀ ਕੰਮ ਕਰੋ, ਉਸ 'ਚ ਮਨ ਲਾ ਕੇ ਆਪਣਾ 100 ਫੀਸਦੀ ਯੋਗਦਾਨ ਦਿਓ, ਅਜਿਹਾ ਕਰਨ 'ਤੇ ਸਫਲਤਾ ਜ਼ਰੂਰ ਮਿਲਦੀ ਹੈ।
ਮੇਰਾ ਹਮੇਸ਼ਾ ਹੀ ਇਸ ਪ੍ਰੀਖਿਆ ਨੂੰ ਟਾਪ ਕਰਨ ਦਾ ਟੀਚਾ ਰਿਹਾ ਹੈ, ਜਿਸ ਕਾਰਨ ਮੈਂ ਭਗਵਾਨ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਨਿਰਧਾਰਤ ਟੀਚੇ ਨੂੰ ਹਾਸਲ ਕਰਨ ਲਈ ਰੋਜ਼ਾਨਾ 4-5 ਘੰਟੇ ਪੜ੍ਹਾਈ ਕੀਤੀ, ਨਾਨ-ਮੈਡੀਕਲ 'ਚ ਮੇਰੀ ਰੁਚੀ ਜ਼ਿਆਦਾ ਸੀ, ਕਲਾਸ 'ਚ ਜੋ ਪੜ੍ਹਦਾ ਸੀ, ਉਸ ਨੂੰ ਰਿਵਾਈਜ਼ ਕਰਦਾ ਤੇ ਨਾਲ ਹੀ ਆਪਣੇ ਡਾਊਟਸ ਵੀ ਟੀਚਰਜ਼ ਨਾਲ ਕਲੀਅਰ ਕਰ ਲੈਂਦਾ ਸੀ। ਇਸ ਤੋਂ ਇਲਾਵਾ ਮੈਨੂੰ ਸੈਲਫ ਸਟੱਡੀ ਕਰਨ ਦਾ ਵੀ ਕਾਫੀ ਲਾਭ ਮਿਲਿਆ ਹੈ।
ਮੈਂ ਪੜ੍ਹਾਈ ਦੇ ਨਾਲ-ਨਾਲ ਆਪਣੇ ਕ੍ਰਿਕਟ ਦੇ ਸ਼ੌਕ ਨੂੰ ਵੀ ਪੂਰਾ ਕੀਤਾ, ਡਿਬੇਟ 'ਚ ਵੀ ਮੈਂ ਲਗਾਤਾਰ ਹਿੱਸਾ ਲੈਂਦਾ ਰਹਿੰਦਾ ਹਾਂ। ਹਾਲ ਹੀ 'ਚ ਹੋਏ ਮਾਡਲ ਯੂਨਾਈਟਿਡ ਨੇਸ਼ਨਜ਼ ਸੰਮੇਲਨ ਦਾ ਸੰਚਾਲਨ ਵੀ ਮੈਂ ਕੀਤਾ ਸੀ।
ਪਾਪਾ ਸੰਦੀਪ ਆਜ਼ਾਦ, ਮੰਮੀ ਸ਼ਵੇਤਾ ਆਜ਼ਾਦ, ਦਾਦੀ ਜੀ ਅਵਿਨਾਸ਼ ਕੁਮਾਰੀ, ਪ੍ਰਿੰਸੀਪਲ ਦੀਪਾ ਡੋਗਰਾ, ਪ੍ਰਿੰਸੀਪਲ ਕਿਰਨਜੋਤ ਕੌਰ ਢਿੱਲੋਂ ਮੇਰੇ ਹਮੇਸ਼ਾ ਪ੍ਰੇਰਣਾ ਸਰੋਤ ਰਹੇ ਹਨ, ਜਿਨ੍ਹਾਂ ਨੇ ਮੇਰਾ ਹਮੇਸ਼ਾ ਸਹੀ ਮਾਰਗਦਰਸ਼ਨ ਕੀਤਾ। ਮੈਥਸ ਟੀਚਰ ਵਰੁਣ ਗਾਂਧੀ ਦਾ ਹਮੇਸ਼ਾ ਰਿਣੀ ਰਹਾਂਗਾ, ਜਿਨ੍ਹਾਂ ਨੇ ਮੇਰੇ ਸਾਰੇ ਡਾਊਟਸ ਨੂੰ ਸਮੇਂ-ਸਮੇਂ 'ਤੇ ਕਲੀਅਰ ਕਰਵਾ ਕੇ ਹਮੇਸ਼ਾ ਅੱਗੇ ਵਧਣ ਲਈ ਮੋਟੀਵੇਟ ਕੀਤਾ। ਕੰਪਿਊਟਰ ਸਾਇੰਸ 'ਚ ਇੰਜੀਨੀਅਰਿੰਗ ਲਈ ਆਈ. ਆਈ. ਟੀ., ਨਵੀਂ ਦਿੱਲੀ ਜਾਂ ਕਾਨਪੁਰ 'ਚ ਦਾਖਲਾ ਹਾਸਲ ਕਰਨਾ ਮੇਰੀ ਪਹਿਲ ਰਹੇਗੀ।'

ਪਹਿਲਾਂ 'ਕੰਪਿਊਟਰ ਇੰਜੀਨੀਅਰ', ਫਿਰ ਬਣਾਂਗਾ 'ਆਈ. ਏ. ਐੱਸ. ਅਫਸਰ'
ਪ੍ਰੋ. ਸੰਜੀਵ ਨੰਦਾ (ਫਿਜ਼ਿਕਸ), ਪ੍ਰੋ. ਪੀ. ਪੀ. ਸਿੰਘ (ਕੈਮਿਸਟਰੀ) ਤੇ ਪ੍ਰੋ. ਸਚਿਨ ਗੁਲਾਟੀ (ਮੈਥਸ) ਦੀ ਸਹੀ ਗਾਈਡੈਂਸ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ, ਜਿਸ ਲਈ ਮੈਂ ਉਨ੍ਹਾਂ ਦਾ ਸਦਾ ਥੈਂਕਫੁਲ ਰਹਾਂਗਾ। ਪ੍ਰੀਖਿਆ ਸਮੇਂ ਕਦੇ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, ਸਭ ਤੋਂ ਪਹਿਲਾਂ ਜੋ ਪੜ੍ਹਿਆ ਹੋਵੇ, ਉਸ ਨੂੰ ਕੰਪਲੀਟ ਕਰੋ।
10ਵੀਂ 'ਚ ਸੀ. ਜੀ. ਪੀ. ਏ. ਗਰੇਡ-10 ਹਾਸਲ ਕੀਤਾ ਸੀ, ਉਦੋਂ ਹੀ ਸੋਚ ਲਿਆ ਸੀ ਕਿ ਇੰਜੀਨੀਅਰਿੰਗ ਫੀਲਡ ਵੱਲ ਵਧਾਂਗਾ। ਕੰਪਿਊਟਰ ਸਾਇੰਸ ਮੇਰਾ ਪਸੰਦੀਦਾ ਵਿਸ਼ਾ ਹੈ, ਇਸ ਦੇ ਨਾਲ ਹੀ ਆਈ. ਏ. ਐੱਸ. ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਵੱਡਾ ਭਰਾ ਮਯੰਕ ਗੋਇਲ ਵੀ ਚੰਡੀਗੜ੍ਹ 'ਚ ਕੰਪਿਊਟਰ ਇੰਜੀਨੀਅਰਿੰਗ ਕਰ ਰਿਹਾ ਹੈ, ਉਸ ਨੇ ਮੇਰੀ ਪੜ੍ਹਾਈ 'ਚ ਕਾਫੀ ਮਦਦ ਕੀਤੀ। ਮੈਂ ਐੱਨ. ਐੱਸ. ਆਈ. ਟੀ., ਨਵੀਂ ਦਿੱਲੀ 'ਚ ਦਾਖਲਾ ਲੈ ਕੇ ਕੰਪਿਊਟਰ ਸਾਇੰਸ ਪੜ੍ਹਨਾ ਚਾਹੁੰਦਾ ਹਾਂ। ਪੇਂਟਿੰਗ ਤੇ ਡਰਾਇੰਗ ਕਰਨਾ ਮੈਨੂੰ ਚੰਗਾ ਲੱਗਦਾ ਹੈ, ਜੋ ਹੁਣ ਮੇਰੀ ਹਾਬੀ ਬਣ ਗਈ ਹੈ।
