ਰੂਪਨਗਰ ਦਾ ਹਰਪੁਨੀਤ ਫ਼ੌਜ ''ਚ ਬਣਿਆ ਲੈਫ਼ਟੀਨੈਂਟ

Monday, Sep 07, 2026 - 05:26 PM (IST)

ਰੂਪਨਗਰ ਦਾ ਹਰਪੁਨੀਤ ਫ਼ੌਜ ''ਚ ਬਣਿਆ ਲੈਫ਼ਟੀਨੈਂਟ

ਰੂਪਨਗਰ (ਵਿਨੋਦ ਸ਼ਰਮਾ)- ਰੂਪਨਗਰ ਦੇ ਗਿਲਕੋ ਵੈਲੀ ਦੇ ਰਹਿਣ ਵਾਲੇ ਹਰਪੁਨੀਤ ਸਿੰਘ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣ ਕੇ ਆਪਣੀ ਇਕ ਸਾਲ ਦੀ ਟਰੇਨਿੰਗ ਪੂਰੀ ਕਰਨ ਉਪਰੰਤ ਆਪਣੇ ਘਰ ਪਰਤੇ। ਹਰਪੁਨੀਤ ਸਿੰਘ ਦੇ ਫ਼ੌਜੀ ਅਫ਼ਸਰ ਦੀ ਵਰਦੀ 'ਚ ਘਰ ਪਹੁੰਚਣ ’ਤੇ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਇਲਾਕਾ ਵਾਸੀਆਂ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। 

ਪਰਮਜੀਤ ਸਿੰਘ ਮੱਕੜ ਨੇ ਹਰਪੁਨੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦੇ ਕਿਹਾ ਕਿ ਰੂਪਨਗਰ ਸ਼ਹਿਰ ਅਤੇ ਗਿਲਕੋ ਵੈਲੀ ਦੇ ਵਸਨੀਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਲਾਕੇ ਦਾ ਨੌਜਵਾਨ ਭਾਰਤੀ ਫ਼ੌਜ ਵਿਚ ਅਫ਼ਸਰ ਬਣਿਆ ਹੈ। ਭਾਈ ਪਵਿੱਤਰ ਸਿੰਘ ਨੇ ਵੀ ਹਰਪੁਨੀਤ ਸਿੰਘ ਨੂੰ ਵਧਾਈ ਦਿੰਦੇ ਉਸ ਦੀ ਚੜ੍ਹਦੀ ਕਲਾ ਅਤੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹਰਪੁਨੀਤ ਸਿੰਘ ਆਪਣੇ ਫਰਜ਼ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਦੇਸ਼ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਘਟਨਾ! ਦੋ ਨੌਜਵਾਨਾਂ ਨੇ ਕੁੜੀ ਦੀ ਰੋਲ਼ੀ ਪੱਤ, ਪੇਟ ਦਰਦ ਮਗਰੋਂ ਖੁੱਲ੍ਹੇ ਭੇਤ ਨੇ ਉਡਾਏ ਹੋਸ਼

ਜ਼ਿਕਰਯੋਗ ਹੈ ਕਿ ਹਰਪੁਨੀਤ ਸਿੰਘ ਨੇ ਐੱਨ. ਡੀ. ਏ. ਦਾ ਟੈਸਟ ਪਾਸ ਕਰਨ ਮਗਰੋਂ ਪੰਜ ਇੰਟਰਵਿਊ ਵਿਚ ਸਫ਼ਲਤਾ ਹਾਸਲ ਨਾ ਹੋਣ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ ਅਤੇ 6ਵੀਂ ਇੰਟਰਵਿਊ 'ਚ ਕਾਮਯਾਬ ਹੋ ਕੇ ਭਾਰਤੀ ਫ਼ੌਜ 'ਚ ਅਫ਼ਸਰ ਬਨਣ ਦਾ ਸੁਫ਼ਨਾ ਸਾਕਾਰ ਕੀਤਾ।  ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਹ ਦੇਸ਼ ਲਈ ਕੁਝ ਕਰਨ ਦੀ ਇੱਛਾ ਰੱਖਦੇ ਸਨ ਅਤੇ ਇਸੇ ਜਜ਼ਬੇ ਨਾਲ ਭਾਰਤੀ ਫ਼ੌਜ ਵਿਚ ਆਏ ਹਨ। ਹਰਪੁਨੀਤ ਸਿੰਘ ਨੇ ਕਿਹਾ ਕਿ ਉਹ ਭਵਿੱਖ 'ਚ ਵੀ ਨਿਡਰਤਾ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਦੇਸ਼ ਦੀ ਸੇਵਾ ਕਰਨਗੇ।

ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਹਰਪੁਨੀਤ ਸਿੰਘ ਦੀ ਮਾਤਾ ਜਸਵੀਰ ਕੌਰ, ਨਾਨਾ ਦਇਆ ਸਿੰਘ ਅਤੇ ਮਾਮਾ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।  ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚੇ। ਇਸ ਮੌਕੇ ਰੂਪਨਗਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਕੌਂਸਲਰ ਪਰਮਜੀਤ ਸਿੰਘ ਮੱਕੜ ਅਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪਵਿੱਤਰ ਸਿੰਘ ਵੀ ਪਰਿਵਾਰ ਨਾਲ ਮੌਜੂਦ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News