ਕੈਗ ਦੀ ਰਿਪੋਰਟ ਨੇ ਸਾਬਿਤ ਕੀਤਾ ਕਿ ਕੈਪਟਨ ਸੂਬਾ ਚਲਾਉਣ ’ਚ ਨਾਕਾਮ : ਚੀਮਾ
Saturday, Mar 06, 2021 - 11:14 PM (IST)
ਚੰਡੀਗੜ੍ਹ, (ਰਮਨਜੀਤ)- ਪੰਜਾਬ ਵਿਧਾਨ ਸਭਾ ਵਿਚ ਜਾਰੀ ਕੀਤੀ ਗਈ ਕੈਗ ਰਿਪੋਰਟ ’ਤੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਗ ਦੀ ਤਾਜ਼ਾ ਰਿਪੋਰਟ ਤੋਂ ਸਪੱਸ਼ਟ ਪਤਾ ਚਲਦਾ ਹੈ ਕਿ ਕੈ. ਅਮਰਿੰਦਰ ਸਿੰਘ ਪੰਜਾਬ ਨੂੰ ਚਲਾਉਣ ਵਿਚ ਨਾਕਾਮ ਸਿੱਧ ਹੋਏ ਹਨ।
ਚੀਮਾ ਨੇ ਕਿਹਾ ਕਿ ਕੈਗ ਦੀ ਰਿਪੋਰਟ ਅਨੁਸਾਰ ਕੈ. ਅਮਰਿੰਦਰ ਸਿੰਘ ਦੇ ਸ਼ਾਸਨ ਕਾਲ ਵਿਚ ਸੂਬੇ ਦੀ ਸਿੱਖਿਆ ਵਿਚ 2 ਫੀਸਦੀ ਅਤੇ ਸਿਹਤ ’ਤੇ ਖਰਚ ਵਿਚ 0.63 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਕੈਪਟਨ ਸਰਕਾਰ ਨੂੰ ਲੋਕਾਂ ਦੀ ਸਿੱਖਿਆ ਅਤੇ ਸਿਹਤ ਦੀ ਕਿੰਨੀ ਚਿੰਤਾ ਹੈ। ਰਿਪੋਰਟ ਅਨੁਸਾਰ ਕੈਪਟਨ ਸਰਕਾਰ ਨੇ ਭਾਰਤ ਦੇ ਹੋਰ ਸੂਬਿਆਂ ਦੀ ਤੁਲਨਾ ਵਿਚ ਸਿੱਖਿਆ ਅਤੇ ਸਿਹਤ ’ਤੇ ਕਾਫੀ ਘੱਟ ਪੈਸਾ ਖਰਚ ਕੀਤਾ ਹੈ। ਇੰਨਾ ਹੀ ਨਹੀਂ ਸਰਕਾਰ ਨੇ ਵਿਕਾਸ ਕੰਮਾਂ ’ਤੇ ਵੀ ਬਹੁਤ ਘੱਟ ਖਰਚ ਕੀਤਾ ਹੈ। ਰਿਪੋਰਟ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਕੈਪਟਨ ਪੰਜਾਬ ਨੂੰ ਹਨ੍ਹੇਰੇ ਵੱਲ ਲਿਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿਚ ਆਉਣ ਲਈ ਲੋਕਾਂ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਚਾਰ ਸਾਲ ਹੋ ਗਏ ਹਨ, ਉਨ੍ਹਾਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹ ਨਹੀਂ ਚਾਹੁੰਦੇ ਕਿ ਸੂਬੇ ਦੇ ਲੋਕ ਤੰਦਰੁਸਤ ਰਹਿਣ ਅਤੇ ਸਿੱਖਿਆ ਪ੍ਰਾਪਤ ਕਰਨ। ਉਨ੍ਹਾਂ ਸੂਬੇ ਨੂੰ ਮਾਫੀਆ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਅਤੇ ਖੁਦ ਮਾਫੀਆ ਸਾਮਰਾਜ ਨੂੰ ਚਲਾ ਰਹੇ ਹਨ।
ਉਨ੍ਹਾਂ ਦਿੱਲੀ ਸਰਕਾਰ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਕਰਕੇ ਵਿਕਾਸ ਦੀ ਇਕ ਨਵੀਂ ਮਿਸ਼ਾਲ ਪੇਸ਼ ਕੀਤੀ ਹੈ। ਉਨ੍ਹਾਂ ਬੁਨਿਆਦੀ ਚੀਜ਼ਾਂ ’ਤੇ ਸਰਕਾਰੀ ਖਰਚ ਕਈ ਗੁਣਾ ਵਧਾ ਦਿੱਤਾ ਹੈ, ਜਿਸ ਦਾ ਲਾਭ ਅੱਜ ਦੇਸ਼ ਦੇਖ ਰਿਹਾ ਹੈ। ਅੱਜ ਦਿੱਲੀ ਵਿਚ ਸਭ ਤੋਂ ਘੱਟ ਮਲੇਰੀਆ ਅਤੇ ਡੇਂਗੂ ਦੇ ਮਾਮਲੇ ਦਰਜ ਹੁੰਦੇ ਹਨ। ਕੋਰੋਨਾ ਮਹਾਮਾਰੀ ਦਾ ਵੀ ਦਿੱਲੀ ਦੀ ਸਰਕਾਰ ਨੇ ਆਪਣੇ ਬਿਹਤਰ ਸਿਹਤ ਪ੍ਰਬੰਧਾਂ ਕਾਰਨ ਚੰਗੇ ਤਰੀਕੇ ਨਾਲ ਮੁਕਾਬਲਾ ਕੀਤਾ ਅਤੇ ਸਮੇਂ ’ਤੇ ਇਲਾਜ ਕਰਕੇ ਲੱਖਾਂ ਲੋਕਾਂ ਦੀ ਜਾਨ ਬਚਾਈ। ਕੈਪਟਨ ਨੂੰ ਸਿਹਤ ਅਤੇ ਸਿੱਖਿਆ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ।