ਚੰਡੀਗੜ੍ਹ 'ਚ ਰਾਤ ਦੀ ਸ਼ਿਫਟ 'ਚ ਕੰਮ ਕਰਦੀਆਂ ਔਰਤਾਂ ਦੇ ਮਤਲਬ ਦੀ ਖ਼ਬਰ, ਜਾਰੀ ਹੋ ਗਏ ਇਹ ਹੁਕਮ

Thursday, Jan 05, 2023 - 01:42 PM (IST)

ਚੰਡੀਗੜ੍ਹ 'ਚ ਰਾਤ ਦੀ ਸ਼ਿਫਟ 'ਚ ਕੰਮ ਕਰਦੀਆਂ ਔਰਤਾਂ ਦੇ ਮਤਲਬ ਦੀ ਖ਼ਬਰ, ਜਾਰੀ ਹੋ ਗਏ ਇਹ ਹੁਕਮ

ਚੰਡੀਗੜ੍ਹ : ਚੰਡੀਗੜ੍ਹ 'ਚ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਡੀ. ਸੀ. ਯਸ਼ਪਾਲ ਗਰਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਰਾਤ ਦੀ ਸ਼ਿਫਟ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੈਬ ਸਹੂਲਤ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਕੰਪਨੀਆਂ ਨੂੰ ਆਪਣੇ ਕੈਬ ਡਰਾਈਵਰਾਂ ਅਤੇ ਹੋਰ ਠੇਕੇ ਵਾਲੇ ਮੁਲਾਜ਼ਮਾਂ ਦਾ ਪੂਰਾ ਰਿਕਾਰਡ ਰੱਖਣਾ ਪਵੇਗਾ। ਪੁਲਸ ਕਿਸੇ ਵੀ ਸਮੇਂ ਇਸ ਰਿਕਾਰਡ ਦੀ ਜਾਂਚ ਕਰ ਸਕਦੀ ਹੈ। ਡੀ. ਸੀ. ਯਸ਼ਪਾਲ ਗਰਗ ਨੇ ਦੱਸਿਆ ਕਿ ਸ਼ਹਿਰ 'ਚ ਚੱਲ ਰਹੇ ਕਾਲ ਸੈਂਟਰਾਂ, ਕਾਰਪੋਰੇਟ ਹਾਊਸਾਂ, ਮੀਡੀਆ ਹਾਊਸਾਂ ਅਤੇ ਹੋਰ ਕਈ ਕੰਪਨੀਆਂ 'ਚ ਔਰਤਾਂ ਰਾਤ ਦੀ ਸ਼ਿਫਟ 'ਚ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਪਿੱਕ ਐਂਡ ਡਰਾਪ ਲਈ ਕੈਬ ਮੁਹੱਈਆ ਕਰਵਾਈ ਜਾਂਦੀ ਹੈ ਪਰ ਇਨ੍ਹਾਂ ਕੈਬ ਡਰਾਈਵਰਾਂ 'ਤੇ ਕੰਪਨੀਆਂ ਵੱਲੋਂ ਕੋਈ ਨਜ਼ਰ ਨਹੀਂ ਰੱਖੀ ਜਾਂਦੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹਜ਼ਾਰਾਂ ਨੌਜਵਾਨਾਂ ਨੂੰ ਵੰਡੇ ਜਾਣਗੇ ਨਿਯੁਕਤੀ ਪੱਤਰ, CM ਮਾਨ ਨੇ ਕੀਤਾ ਟਵੀਟ

ਇਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਦੀ ਲੋੜ ਹੈ ਤਾਂ ਜੋ ਮਹਿਲਾ ਸਟਾਫ਼ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਕੰਪਨੀਆਂ ਨੂੰ ਹਦਾਇਤ ਕੀਤੀ ਹੈ ਕਿ ਸੁਰੱਖਿਆ ਅਤੇ ਠੇਕਾ ਸਟਾਫ਼ ਲਾਇਸੈਂਸਸ਼ੁਦਾ ਏਜੰਸੀ ਤੋਂ ਹੀ ਨਿਯੁਕਤ ਕੀਤਾ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਮਹਿਲਾ ਮੁਲਾਜ਼ਮਾਂ ਰਾਤ ਸਮੇਂ ਕੈਬ ਡਰਾਈਵਰ ਨਾਲ ਇਕੱਲੇ ਸਫ਼ਰ ਨਾ ਕਰਨ। ਉਨ੍ਹਾਂ ਦੇ ਨਾਲ ਸੁਰੱਖਿਆ ਗਾਰਡ ਜਾਂ ਪੁਰਸ਼ ਸਟਾਫ਼ ਵੀ ਭੇਜਿਆ ਜਾਵੇ।

ਇਹ ਵੀ ਪੜ੍ਹੋ : ਖੰਨਾ 'ਚ ਵਾਪਰਿਆ ਦਰਦਨਾਕ ਹਾਦਸਾ, ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਕੈਬ ਦਾ ਰੂਟ ਵੀ ਅਜਿਹਾ ਬਣਾਇਆ ਜਾਣਾ ਚਾਹੀਦਾ ਹੈ ਕਿ ਮਹਿਲਾ ਸਟਾਫ਼ ਨੂੰ ਪਹਿਲਾਂ ਨਾ ਚੁੱਕਿਆ ਜਾਵੇ ਅਤੇ ਅਖ਼ੀਰ 'ਚ ਛੱਡਿਆ ਜਾਵੇ। ਡੀ. ਸੀ. ਨੇ ਕਿਹਾ ਕਿ ਮਹਿਲਾ ਸਟਾਫ਼ ਨੂੰ ਉਨ੍ਹਾਂ ਦੇ ਘਰ ਦੇ ਠੀਕ ਸਾਹਮਣੇ ਹੀ ਡਰਾਪ ਕੀਤਾ ਜਾਵੇ ਅਤੇ ਅਜਿਹਾ ਰਾਹ ਜਿੱਥੇ ਕੈਬ ਜਾਣ ਦੀ ਸਹੂਲਤ ਨਾ ਹੋਵੇ, ਉੱਥੇ ਸੁਰੱਖਿਆ ਗਾਰਡ ਜਾਂ ਫਿਰ ਕੋਈ ਪੁਰਸ਼ ਮੁਲਾਜ਼ਮ ਨਾਲ ਜਾ ਕੇ ਉਨ੍ਹਾਂ ਨੂੰ ਘਰ ਤੱਕ ਛੱਡ ਕੇ ਆਵੇ। ਉਨ੍ਹਾਂ ਨੇ ਕਿਹਾ ਕਿ ਕੈਬ 'ਚ ਪਿੱਕ ਐਂਡ ਡਰਾਪ ਦੌਰਾਨ ਚਾਲਕ ਵੱਲੋਂ ਕਿਸੇ ਹੋਰ ਬਾਹਰੀ ਵਿਅਕਤੀ ਨੂੰ ਨਾ ਬਿਠਾਇਆ ਜਾਵੇ ਅਤੇ ਇਸ 'ਚ ਇਕ ਜੀ. ਪੀ. ਐੱਸ. ਸਿਸਟਮ ਵੀ ਇੰਸਟਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਦੇ ਰੂਟ 'ਤੇ ਨਜ਼ਰ ਰੱਖੀ ਜਾ ਸਕੇ।
PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News