ਕੈਬਨਿਟ ਸਬ ਕਮੇਟੀ ''ਚ ਰਾਹਤ ਨੀਤੀ ਤਿਆਰ ਕਰਨ ''ਤੇ ਬਣੀ ਸਹਿਮਤੀ

07/11/2019 10:14:06 AM

ਚੰਡੀਗੜ੍ਹ (ਭੁੱਲਰ) : ਕੁਦਰਤੀ ਆਫਤਾਂ ਅਤੇ ਦੁਰਘਟਨਾਵਾਂ ਨਾਲ ਸਬੰਧਤ ਮਾਮਲਿਆਂ ਬਾਰੇ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਇਥੇ ਹੋਈ। ਇਸ ਵਿਚ ਮੁੱਖ ਤੌਰ 'ਤੇ ਆਫ਼ਤ ਤੇ ਹਾਦਸਿਆਂ ਤੋਂ ਪੀੜਤ ਲੋਕਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਲਈ ਵਿਆਪਕ ਨੀਤੀ ਬਣਾਉਣ 'ਤੇ ਸਹਿਮਤੀ ਬਣੀ ਹੈ। ਇਸ ਸਬੰਧ 'ਚ ਮਾਲ, ਆਫ਼ਤ ਪ੍ਰਬੰਧ, ਮੁੜ-ਵਸੇਬਾ ਤੇ ਹੋਰ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਇਸ ਬਾਰੇ ਵਿਸਥਾਰ 'ਚ ਸਾਰੇ ਪੱਖਾਂ 'ਤੇ ਵਿਚਾਰ ਵਟਾਂਦਰਾ ਕਰਕੇ ਨੀਤੀ ਦੀ ਰੂਪ-ਰੇਖਾ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਫਤਿਹਵੀਰ ਦੀ ਬੋਰਵੈੱਲ 'ਚ ਮੌਤ ਦੇ ਮਾਮਲੇ ਤੋਂ ਬਾਅਦ ਅਜਿਹੀ ਨੀਤੀ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ ਹੈ। ਇਸ ਨੀਤੀ 'ਚ ਜਿੱਥੇ ਸਮੇਂ ਸਿਰ ਸਥਿਤੀ ਨਾਲ ਨਜਿੱਠਣ ਲਈ ਸਹੀ ਪ੍ਰਬੰਧ ਕਰਨਾ ਸ਼ਾਮਲ ਹੈ, ਉਥੇ ਪੀੜਤ ਲੋਕਾਂ ਨੂੰ ਸਮੇਂ ਸਿਰ ਵਿੱਤੀ ਤੇ ਹੋਰ ਬਣਦੀ ਸਹਾਇਤਾ ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਇਹ ਕਮੇਟੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਹੈ, ਜਿਸ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਧੂ ਸਿੰਘ ਧਰਮਸੌਤ ਸ਼ਾਮਲ ਹਨ। ਕਮੇਟੀ ਦੇ ਮੈਂਬਰਾਂ ਵਲੋਂ ਅੱਜ ਇਥੇ ਸੱਦੀ ਗਈ ਮੀਟਿੰਗ ਵਿਚ ਰਾਹਤ ਨੀਤੀ ਤਿਆਰ ਕਰਨ ਸਬੰਧੀ ਵਿਸਥਾਰ 'ਚ ਵਿਚਾਰ-ਵਟਾਂਦਰਾ ਕੀਤਾ ਗਿਆ।

ਕਮੇਟੀ ਦੇ ਮੈਂਬਰਾਂ ਵਲੋਂ ਸੜਕੀ ਤੇ ਰੇਲ ਹਾਦਸਿਆਂ, ਦੰਗੇ ਫਸਾਦਾਂ ਤੇ ਕੁਦਰਤੀ ਆਫ਼ਤਾਂ ਸਮੇਂ ਪੈਦਾ ਹੋਣ ਵਾਲੀਆਂ ਸਥਿਤੀਆ ਬਾਰੇ ਮੁਢਲੇ ਤੌਰ 'ਤੇ ਚਰਚਾ ਕੀਤੀ ਗਈ। ਰਾਹਤ ਨੀਤੀ ਲਈ ਲੋੜੀਂਦੇ ਫੰਡਾਂ ਦੇ ਪ੍ਰਬੰਧ ਸਬੰਧੀ ਵੀ ਵਿਸੇਸ਼ ਤੌਰ 'ਤੇ ਵਿਚਾਰ ਕੀਤਾ ਗਿਆ। ਕਮੇਟੀ ਦੀ ਹੋਣ ਵਾਲੀ ਅਗਲੀ ਮੀਟਿੰਗ 'ਚ ਅਧਿਕਾਰੀਆਂ ਵਲੋਂ ਇਸ ਸਬੰਧੀ ਨੀਤੀ ਬਾਰੇ ਤਿਆਰ ਕੀਤੇ ਜਾਣ ਵਾਲੇ ਖਰੜੇ ਉਪਰ ਚਰਚਾ ਕਰ ਕੇ ਫੈਸਲੇ ਕੀਤੇ ਜਾਣਗੇ। ਕੈਬਨਿਟ ਸਬ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਇਹ ਰਾਹਤ ਨੀਤੀ ਮੰਤਰੀ ਮੰਡਲ 'ਚ ਪ੍ਰਵਾਨਗੀ ਲਈ ਰੱਖੀ ਜਾਵੇਗੀ।


Babita

Content Editor

Related News