ਧਰਮਸੋਤ ਨੂੰ ਭੇਜਾਂਗੇ ਜੇਲ੍ਹ, ਲੋੜ ਪਈ ਤਾਂ ਸੋਨੀਆ ਗਾਂਧੀ ਦੀ ਕੋਠੀ ਦਾ ਕਰਾਂਗੇ ਘਿਰਾਓ: ''ਆਪ''
Friday, Oct 09, 2020 - 06:17 PM (IST)
ਨਾਭਾ (ਸੁਸ਼ੀਲ ਜੈਨ): ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਥੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਆਪਸੀ ਸਾਂਝ ਕਾਰਣ ਪੰਜਾਬ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ। ਅਮਰਿੰਦਰ ਸਿੰਘ 14 ਸਾਲਾਂ ਤੱਕ ਅਕਾਲੀ ਦਲ 'ਚ ਬਰਨਾਲਾ ਸਰਕਾਰ 'ਚ ਖੇਤੀਬਾੜੀ ਮੰਤਰੀ ਰਹੇ। ਕੈਪਟਨ ਤੇ ਬਾਦਲ ਹੁਣ ਤੱਕ ਫਰੈਂਡਲੀ ਮੈਚ ਖੇਡ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਦੇ ਰਹੇ ਹਨ। ਚੀਮਾ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੋਵੇਂ ਦੇਸ਼ ਦੇ ਸਭ ਤੋਂ ਵੱਡੇ ਗੱਪੀ ਅਤੇ ਤਾਨਾਸ਼ਾਹ ਸਿਆਸਤਦਾਨ ਹਨ, ਜੋ ਸੱਤਾ ਪ੍ਰਾਪਤ ਕਰਨ ਲਈ ਸਮੇਂ-ਸਮੇਂ ਸਿਰ ਝੂਠੇ ਵਾਅਦੇ ਚੋਣਾਂ ਸਮੇਂ ਕਰਦੇ ਹਨ।
ਇਹ ਵੀ ਪੜ੍ਹੋ: ਬਰਨਾਲਾ 'ਚ ਵੱਡਾ ਹਾਦਸਾ, ਮਜ਼ਦੂਰਾਂ ਨਾਲ ਭਰਿਆ ਕੈਂਟਰ ਹਾਦਸਾਗ੍ਰਸਤ (ਤਸਵੀਰਾਂ)
ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦਲਿਤ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਕਰ ਦਿੱਤਾ। ਕੇਂਦਰੀ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਮਿਲੀ ਸਕਾਲਰਸ਼ਿਪ ਰਾਸ਼ੀ 'ਚ 64 ਕਰੋੜ ਰੁਪਏ ਦਾ ਘਪਲਾ ਕੀਤਾ ਪਰ ਕੈਪਟਨ ਨਿਰਪੱਖ ਜਾਂਚ ਕਰਵਾਉਣ ਦੀ ਬਜਾਏ ਕਲੀਨ ਚਿੱਟ ਦੀਆਂ ਸਲਿੱਪਾਂ ਜੇਬ 'ਚ ਹੀ ਪਾਈ ਰੱਖਦਾ ਹੈ। ਮੁੱਖ ਮੰਤਰੀ ਸਰਕਾਰੀ ਨਿਵਾਸ ਅਤੇ ਸਰਕਾਰੀ ਦਫ਼ਤਰ ਤੋਂ ਕੰਮਕਾਜ ਚਲਾਉਣ ਦੀ ਬਜਾਏ ਆਪਣੇ ਪ੍ਰਾਈਵੇਟ ਨਿੱਜੀ ਫਾਰਮ ਹਾਊਸ 'ਚ ਹੀ ਬੈਠ ਕੇ ਸਰਕਾਰ ਚਲਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਦਾਲ 'ਚ ਕਾਲਾ ਨਹੀਂ ਬਲਕਿ ਸਾਰੀ ਦਾਲ ਹੀ ਕਾਲੀ ਹੈ।
ਇਹ ਵੀ ਪੜ੍ਹੋ :ਜਿਗਰੀ ਯਾਰ ਹੀ ਬਣੇ ਦੁਸ਼ਮਣ, ਆਫ਼ਿਸ ਬੈਠਣ ਤੋਂ ਕੀਤਾ ਮਨ੍ਹਾਂ ਤਾਂ ਕਰ ਦਿੱਤਾ ਕਾਰਾ
ਉਨ੍ਹਾਂ ਕਿਹਾ ਕਿ ਅਸੀਂ ਚੁੱਪ ਕਰ ਕੇ ਨਹੀਂ ਬੈਠਾਂਗੇ। ਦਲਿਤ ਵਿਦਿਆਰਥੀਆਂ ਦੇ ਵਜੀਫੇ ਦੀ ਰਾਸ਼ੀ ਹੜੱਪ ਕਰਨ ਵਾਲੇ ਮੰਤਰੀ ਧਰਮਸੌਤ ਨੂੰ ਕੁਰਸੀ ਤੋਂ ਹਟਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਕੇ ਹੀ ਦਮ ਲਵਾਂਗੇ। ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਜਲਦੀ ਹੀ ਧਰਮਸੌਤ ਦੇ ਹਲਕੇ 'ਚ ਹੋਏ ਹੋਰ ਸਕੈਂਡਲਾਂ ਦਾ ਪਰਦਾਫਾਸ਼ ਕੀਤਾ ਜਾਵੇਗਾ ਕਿ ਕਿਵੇਂ ਪ੍ਰਧਾਨ ਮੰਤਰੀ ਫੰਡਾਂ ਦੀ ਕਥਿਤ ਦੁਰਵਰਤੋਂ ਹੋਈ। ਉਨ੍ਹਾਂ ਕਿਹਾ ਕਿ ਧਰਮਸੌਤ ਖ਼ਿਲਾਫ਼ ਸਾਡਾ ਅੰਦੋਲਨ ਜਾਰੀ ਰਹੇਗਾ। ਜੇਕਰ ਲੋੜ ਪਈ ਤਾਂ ਸੋਨੀਆ ਗਾਂਧੀ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਤੇ ਹੋਰ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਬੈਠੀ ਕਿਸਾਨ ਆਗੂ ਦੀ ਮਾਂ ਨੇ ਤੋੜਿਆ ਦਮ