ਮੁੱਖ ਮੰਤਰੀ ਵੱਲੋਂ ਹਡ਼੍ਹ ਪ੍ਰਭਾਵਿਤ ਖੇਤਰਾਂ ਲਈ 1 ਕਰੋਡ਼ ਦੀ ਰਾਸ਼ੀ ਜਾਰੀ : ਅਰੋਡ਼ਾ
Tuesday, Aug 27, 2019 - 10:21 AM (IST)
ਰੂਪਨਗਰ (ਸੱਜਨ ਸੈਣੀ, ਵਿਜੇ) - ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੂਪਨਗਰ ਦੇ ਪ੍ਰਭਾਵਿਤ ਪਿੰਡਾਂ ਨੂੰ ਫੌਰੀ ਤੌਰ ’ਤੇ ਸਹਾਇਤਾ ਰਾਸ਼ੀ ਦੇਣ ਲਈ 1 ਕਰੋਡ਼ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ 43 ਲੱਖ ਰੁ. ਤੋਂ ਵੱਧ ਰਾਸ਼ੀ ਨਾਲ ਪ੍ਰਭਾਵਿਤ ਪੀਡ਼ਤਾਂ ਨੂੰ ਸਹਾਇਤਾ ਰਾਸ਼ੀ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ। ਸੋਨਾਲਿਕਾ ਟਰੈਕਟਰਜ਼ ਲਿਮ. ਸਮੂਹ ਦੁਆਰਾ ਵੀ ਜ਼ਿਲੇ ਦੇ ਸਭ ਤੋਂ ਵੱਧ ਪ੍ਰਭਾਵਿਤ 8 ਪਿੰਡਾਂ ਨੂੰ ਅਪਣਾ ਲਿਆ ਹੈ ਅਤੇ ਇਨ੍ਹਾਂ ਪਿੰਡਾਂ ’ਚ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਗੇ। ਉਹ ਅੱਜ ਹਡ਼੍ਹਾਂ ਨਾਲ ਪ੍ਰਭਾਵਿਤ ਪਿੰਡ ਫੂਲ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋਡ਼ਾ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਮੁਡ਼ ਲੀਹਾਂ ’ਤੇ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਗੱਲ ਵੀ ਖੁਸ਼ੀ ਵਾਲੀ ਹੈ ਕਿ ਸੋਨਾਲਿਕਾ ਟਰੈਕਟਰਜ਼ ਲਿਮ. ਨੇ ਵੀ 8 ਪਿੰਡਾਂ ਛੋਟਾ ਫੂਲ, ਬਡ਼ਾ ਫੂਲ, ਗੁਰਦਾਸਪੁਰਾ, ਖੈਰਾਬਾਦ, ਰਣਜੀਤਪੁਰਾ ਤੇ ਨੂਰਪੁਰਬੇਦੀ ਬਲਾਕ ਦੇ ਬਟਾਰਲਾ, ਖੱਡ ਬਠਲੌਰ ਤੇ ਰਾਜਗਿਰੀ ਨੂੰ ਅਪਣਾ ਲਿਆ ਹੈ। ਸੋਨਾਲਿਕਾ ਗਰੁੱਪ ਵੱਲੋਂ ਇਨ੍ਹਾਂ ਪਿੰਡਾਂ ਵਿਚ ਹਡ਼੍ਹਾਂ ਨਾਲ ਜੋ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਕੰਮ ਕਰਵਾਏ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਏ.ਡੀ.ਸੀ. (ਡੀ) ਅਮਰਦੀਪ ਸਿੰਘ ਗੁਜਰਾਲ, ਹਰਜੋਤ ਕੌਰ ਐੱਸ.ਡੀ.ਐੱਮ., ਸਹਾਇਕ ਕਮਿਸ਼ਨਰ ਜਨਰਲ ਸਰਬਜੀਤ ਕੌਰ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਬਰਿੰਦਰ ਢਿੱਲੋਂ, ਜ਼ਿਲਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ ਮੁੱਖ ਰੂਪ ’ਚ ਹਾਜ਼ਰ ਸਨ।