ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ 'ਚ ਲਹਿਰਾਇਆ ਤਿਰੰਗਾ

01/26/2020 10:53:54 AM

ਜਲੰਧਰ (ਸੋਨੂੰ): ਦੇਸ਼ ਭਰ 'ਚ ਅੱਜ ਗਣਤੰਤਰ ਦਿਵਸ ਦੀਆਂ ਰੌਣਕਾਂ ਲੱਗੀਆਂ ਹੋਈਆਂ ਹੈ। 71ਵੇਂ ਗਣਰਾਜ ਦਿਹਾੜੇ ਨੂੰ ਲੈ ਕੇ ਅੱਜ ਦੇਸ਼ ਭਰ 'ਚ ਕਈ ਥਾਈਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਤੇ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ।ਉਥੇ ਹੀ ਅੱਜ ਪੰਜਾਬ 'ਚ ਵੱਖ-ਵੱਖ ਜਿਲ੍ਹਿਆਂ 'ਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਜਲੰਧਰ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ।

ਇਸ ਮੌਕੇ ਰੰਧਾਵਾ ਨੇ ਕਿਹਾ ਕਿ ਵਿਦੇਸ਼ਾਂ 'ਚ ਜਾ ਰਹੀ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਅਤੇ ਸੂਬਿਆਂ 'ਚ ਨਸ਼ਿਆਂ ਦੇ ਖਾਤਮੇ ਨੂੰ ਸੰਯੁਕਤ ਕੋਸ਼ਿਸ਼ਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਏ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡੇ ਸਾਰਿਆਂ ਦਾ ਪਹਿਲਾਂ ਫਰਜ਼ ਹੈ ਅਤੇ ਇਹੀ ਦੇਸ਼ ਦੀ ਆਜ਼ਾਦੀ ਦੇ ਲਈ ਬਲੀਦਾਨੀਆਂ ਨੂੰ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ। ਜਲੰਧਰ ਨਾਲ ਆਪਣੀ ਭਾਵਨਾਤਮਕ ਸਾਂਝ ਬਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੋਆਬਾ ਖੇਤਰ ਨੇ ਦੇਸ਼ ਭਰ 'ਚ ਸਭ ਤੋਂ ਆਜ਼ਾਦੀ ਘੁਲਾਟੀਏ ਪੈਦਾ ਕੀਤੇ ਹਨ ਅਤੇ ਮੇਰੇ ਲਈ ਮਾਣ ਦੀ ਗੱਲ ਹੈ ਕਿ ਆਜ਼ਾਦੀ ਘੁਲਾਟੀਆਂ ਦੀ ਧਰਤੀ 'ਤੇ ਉਹ ਤਿਰੰਗਾ ਲਹਿਰਾ ਰਹੇ ਹਨ।

ਆਜ਼ਾਦੀ ਸੰਗਰਾਮ 'ਚ 85 ਫੀਸਦੀ ਸ਼ਹੀਦੀ ਪੰਜਾਬੀਆਂ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਜ਼ੁਲਮ, ਨਾ-ਇਨਸਾਫੀ ਅਤੇ ਅਨਿਆਂ ਦੇ ਵਿਰੁੱਧ ਲਗਾਤਾਰ ਲੜਾਈ ਲੜੀ ਹੈ। ਮਹਾਨ ਸਿੱਖ ਗੁਰੂਆਂ ਵਲੋਂ ਦਰਸਾਏ ਮਾਰਗ 'ਤੇ ਚਲਦੇ ਹੋਏ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਮਹਾਨ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਜਲੰਧਰ ਮਹਾਨ ਆਜ਼ਾਦੀ ਸੈਨਾਨੀ ਦਰਬਾਰਾ ਸਿੰਘ ਦੀ ਵੀ ਜਨਮਭੂਮੀ ਹੈ ਜਿਨ੍ਹਾਂ ਨੇ ਆਜ਼ਾਦ ਭਾਰਤ ਦੇ ਮੁੱਖ ਮੰਤਰੀ ਦੇ ਤੌਰ 'ਤੇ ਪੰਜਾਬ ਦੀ ਸੇਵਾ ਕੀਤੀ। ਮੇਰੇ ਪਿਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੰਤੋਖ ਸਿੰਘ ਰੰਧਾਵਾ ਵੀ 1980 ਦੇ ਦਹਾਕੇ 'ਚ ਇਸ ਜ਼ਮੀਨ 'ਤੇ ਰਾਸ਼ਟਰੀ ਝੰਡਾ ਲਹਿਰਾ ਚੁੱਕੇ ਹਨ।

PunjabKesari

ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਕੀਤੇ ਯਤਨਾਂ ਦੇ ਸਦਕਾ ਸੂਬੇ 'ਚ ਨਿਵੇਸ਼ ਵਧਿਆ ਹੈ ਅਤੇ ਮੁਹੱਈਆ ਸੋਮਿਆਂ ਨਾਲ ਸੂਬੇ ਦੀ ਆਰਥਿਕਤਾ ਅਤੇ ਵਿਕਾਸ 'ਚ ਤੇਜ਼ੀ ਆਈ ਹੈ। ਪੰਜਾਬ ਸਰਕਾਰ ਨੇ ਘਰ- ਘਰ ਰੋਜ਼ਗਾਰ ਮੁਹਿੰਮ ਦੇ ਅਧੀਨ 11 ਲੱਖ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ, 5 ਲੱਖ ਤੋਂ ਜ਼ਿਆਦਾ ਕਿਸਾਨਾਂ ਦਾ 4736 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਜ਼ਿਲੇ ਦੇ ਵਿਕਾਸ ਪ੍ਰਤੀ ਕੈਪਟਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਲਈ ਨਿਰੰਤਰ ਕੋਸ਼ਿਸ਼ ਜਾਰੀ ਹੈ। ਬੀਤੇ ਦਿਨ ਹੀ ਉਨ੍ਹਾਂ ਨੇ ਸ਼ਹਿਰ ਨਾਲ ਸਬੰਧਿਤ 4 ਵਿਧਾਨ ਸਭਾ ਹਲਕਿਆਂ 'ਚ 100 ਕਰੋੜ ਤੋਂ ਜ਼ਿਆਦਾ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਹਨ। ਇਸ ਤਰ੍ਹਾਂ ਪਿੰਡਾਂ ਦੇ ਸੰਪੂਰਨ ਵਿਕਾਸ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਨੇ ਸਾਲ 2019 ਦੌਰਾਨ ਜ਼ਿਲੇ ਦੇ ਬੂਟਾ ਮੰਡੀ 'ਚ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੇ ਨਾਂ 'ਤੇ ਲੜਕੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ।

ਉਨ੍ਹਾਂ ਨੇ ਕਿਹਾ ਕਿ 73ਵੇਂ ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਅਤੇ ਅੰਡੇਮਾਨ ਸੈਲੂਲਰ ਜੇਲ ਦੇ ਸ਼ਹੀਦਾਂ ਨੂੰ ਸਮਰਪਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਸ਼ਹਿਰ ਦੇ ਆਲੇ-ਦੁਆਲੇ ਵਿਕਾਸ ਲਈ 133 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਤਰ ਰੱਖੇ ਗਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਪਹਿਲਾਂ ਹੀ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਦੇ ਹੋਏ ਨਸ਼ਾ ਸਮੱਲਗਰਾਂ ਨੂੰ ਜੇਲਾਂ 'ਚ ਸੁੱਟਿਆ ਜਾ ਚੁੱਕਾ ਹੈ। ਡੈਪੋ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਨਸ਼ੇ ਦੇ ਖਿਲਾਫ ਜਨਤਾ 'ਚ ਜਾਗਰੂਕਤਾ ਫੈਲਾਉਣ ਲਈ ਵੀ ਨਿਰੰਤਰ ਕੋਸ਼ਿਸ਼ ਜਾਰੀ ਹੈ।

ਇਸ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸੁਖਜਿੰਦਰ ਰੰੰਧਾਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਰੰਧਾਵਾ ਨੇ ਆਜ਼ਾਦੀ ਘੁਲਾਟੀਏ ਦੇਵਵਰਤ ਸ਼ਰਮਾ ਅਤੇ ਜਵਾਹਰ ਲਾਲ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਆਈ. ਪੀ. ਐੈੱਸ. ਅੰਕੁਰ ਗੁਪਤਾ ਦੀ ਅਗਵਾਈ 'ਚ ਆਯੋਜਿਤ ਪਰੇਡ 'ਚ ਸ਼ਾਮਲ ਕੇਂਦਰੀ ਰਿਜ਼ਰਵ ਪੁਲਸ ਫੋਰਸ, ਆਈ. ਟੀ. ਬੀ. ਪੀ. ਪੰਜਾਬ ਪੁਲਸ, ਪੰਜਾਬ ਹੋਮ ਗਾਰਡ, ਐੈੱਨ. ਸੀ. ਸੀ., ਭਾਰਤ ਸਕਾਊਟ ਐਂਡ ਗਾਈਡਜ਼ ਅਤੇ ਹੋਰ ਟੁਕੜੀਆਂ ਨਾਲ ਸਲਾਮੀ ਵੀ ਲਈ। ਰੰਧਾਵਾ ਨੇ ਲੋੜਵੰਦ ਲੋਕਾਂ ਨੂੰ ਟ੍ਰਾਈ ਸਾਈਕਲ ਅਤੇ ਵ੍ਹੀਲ ਚੇਅਰ ਵੀ ਵੰਡੇ।

ਇਸ ਮੌਕੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਮੇਅਰ ਜਗਦੀਸ਼ ਰਾਜ ਰਾਜਾ, ਮਿਲਕਫੈੱਡ ਪੰਜਾਬ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ, ਇੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹੂਲਵਾਲੀਆ, ਇੰਪੂਰਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬੌਬੀ ਸਹਿਗਲ, ਜ਼ਿਲਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖਾ ਲਾਲੀ, ਕਾਂਗਰਸ ਆਗੂ ਸਤਨਾਮ ਬਿੱਟਾ, ਜ਼ਿਲਾ ਕੌਂਸਲਰ ਚੇਅਰਮੈਨ ਸੁਰਜੀਤ ਕੌਰ, ਕਮਿਸ਼ਨਰ ਨਗਰ ਨਿਗਮ ਦੀਪਰਵਾ ਲਾਕੜਾ, ਵਾਧੂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਜਸਬੀਰ ਸਿੰਘ, ਐੈੱਸ.ਡੀ. ਐੈੱਮ.-2 ਰਾਹੁਲ ਸਿੰਧੂ (ਆਈ. ਏ. ਐੈੱਸ.) ਅਤੇ ਡਾ. ਜੈ ਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਜ਼ਿਲਾ ਮਾਲੀਆ ਅਧਿਕਾਰੀ ਜਸ਼ਨਜੀਤ ਸਿੰਘ, ਸਬ ਰਜਿਸਟਰਾਰ-1 ਮਨਿੰਦਰ ਸਿੰਘ ਸਿੰਧੂ, ਸਬ-ਰਜਿਸਟਰਾਰ-2 ਲਖਵਿੰਦਰ ਸਿੰਘ, ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ, ਡੀ. ਸੀ. ਪੀ. ਅਰੁਣ ਸੈਣੀ, ਬਲਕਾਰ ਸਿੰਘ ਅਤੇ ਅਮਰੀਕ ਸਿੰਘ ਪੁਆਰ, ਏ. ਡੀ. ਸੀ. ਪੀ. ਡੀ. ਸੂਡਰਵਿਜੀ, ਹਰਪ੍ਰੀਤ ਸਿੰਘ ਬੈਨੀਪਾਲ , ਗਗਨੇਸ਼ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।

ਵੋਟਰ ਜਾਗਰੂਕਤਾ ਮੁਹਿੰਮ ਸਬੰਧੀ ਸਵੀਪ ਪ੍ਰੋਗਰਾਮ ਦੀ ਝਾਕੀ ਵੀ ਹੋਈ ਸ਼ਾਮਲ
ਗਣਤੰਤਰ ਦਿਵਸ ਸਮਾਰੋਹ ਦੌਰਾਨ 'ਚ ਵੱਖ- ਵੱਖ ਤਰ੍ਹਾਂ ਦੀਆਂ ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਵਾਰ ਇਲੈਕਸ਼ਨ ਕਮੀਸ਼ਨ ਦੇ ਵੋਟਰ ਜਾਗਰੂਕਤਾ ਮੁਹਿੰਮ ਸਬੰਧੀ ਸਵੀਪ ਪ੍ਰੋਗਰਾਮ ਦੀ ਵਿਸ਼ੇਸ਼ ਝਾਕੀ ਪ੍ਰਦਰਸ਼ਿਤ ਕੀਤੀ ਗਈ। ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਤੇ ਜ਼ਿਲਾ ਗਾਈਡੈਂਸ ਅਧਿਕਾਰੀ ਅਤੇ ਝਾਕੀ ਇੰਚਾਰਜ ਸੁਰਜੀਤ ਕੁਮਾਰ ਨੇ ਦੱਸਿਆ ਕਿ ਝਾਕੀ ਰਾਹੀਂ ਪ੍ਰੋਗਰਾਮ 'ਚ ਸ਼ਾਮਲ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਵੋਟ ਕਿਵੇਂ ਬਣਵਾਉਣੀ ਹੈ ਅਤੇ ਕਿਵੇਂ ਵੋਟ ਦੀ ਵਰਤੋਂ ਕਰਨੀ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਇਸ ਝਾਕੀ ਨੂੰ ਜ਼ਿਲੇ ਦੇ ਸਾਰੇ ਪਿੰਡਾਂ 'ਚ ਭੇਜ ਕੇ ਜਨਤਾ ਵਿਚਾਲੇ ਜਾਗਰੂਕ ਮੁਹਿੰਮ ਨੂੰ ਭੇਜਿਆ ਜਾਏਗਾ।

ਜ਼ਿਲਾ ਪ੍ਰਸ਼ਾਸਨ ਦੁਆਰਾ ਬਣਵਾਈ ਕਰੀਅਰ ਗਾਈਡੈਂਸ ਨਾਲ ਸਬੰਧਿਤ 'ਦਿਸ਼ਾ' ਕਿਤਾਬ ਨੂੰ ਰੰਧਾਵਾ ਨੇ ਕੀਤਾ ਜਾਰੀ
ਦਿਸ਼ਾ ਸਹੀ ਮਾਇਨਿਆਂ 'ਚ ਵਿਦਿਆਰਥੀ ਨੂੰ ਕਰੀਅਰ ਗਾਈਡੈਂਸ ਸਬੰਧੀ ਸਹੀ ਦਿਸ਼ਾ ਪ੍ਰਦਾਨ ਕਰੇਗੀ ਤਾਂ ਕਿ ਉਹ ਆਪਣੀ ਰੁਚੀ ਅਨੁਸਾਰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਪੇਸ਼ਾ ਮੁੱਖ ਸਿਲੇਬਸ ਦੀ ਚੋਣ ਕਰ ਸਕਣ। ਉਕਤ ਸ਼ਬਦ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਗਈ ਕਿਤਾਬ ਨੂੰ ਜਾਰੀ ਕਰਦਿਆਂ ਕੀਤਾ। ਇਸ ਦੌਰਾਨ ਉਸ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ। ਰੰਧਾਵਾ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ ਗ੍ਰਾਮੀਣ ਖੇਤਰਾਂ ਨਾਲ ਸਬੰਧਤ ਹੋਣ ਕਾਰਨ ਆਪਣੇ ਭਵਿੱਖ ਦੀ ਚੋਣ ਪ੍ਰਤੀ ਜਾਗਰੂਕ ਨਹੀਂ ਹੁੰਦੇ ਜਿਸ ਕਾਰਨ ਆਪਣੇ ਜੀਵਨ 'ਚ ਸਹੀ ਦਿਸ਼ਾ ਨਹੀਂ ਲੈਂਦੇ, ਪਰ ਇਹ ਕਿਤਾਬ ਵਿਦਿਆਰਥੀਆਂ ਨੂੰ ਸਹੀ ਮਾਰਗ ਪ੍ਰਦਾਨ ਕਰ ਕੇ ਉਨ੍ਹਾਂ ਦਾ ਭਵਿੱਖ ਸੰਵਾਰਨ 'ਚ ਸਹਾਇਕ ਸਿੱਧ ਹੋਵੇਗੀ। ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਕਿਤਾਬ ਨੂੰ ਵਿਸ਼ੇਸ਼ ਮਾਹਰਾਂ ਵਲੋਂ ਵਿਦਿਆਰਥੀ ਲਈ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਕਲਮਬੱਧ ਕੀਤੀ ਗਈ ਹੈ ਅਤੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਜਸਬੀਰ ਸਿੰਘ, ਸਹਾਇਕ ਨੋਡਲ ਅਧਿਕਾਰੀ ਸਵੀਪ ਸੁਰਜੀਤ ਲਾਲ ਅਤੇ ਹੋਰ ਵੀ ਹਾਜ਼ਰ ਸਨ।


Shyna

Content Editor

Related News