ਕੈਬਨਿਟ ਮੰਤਰੀ ਨੇ ਲਹਿਰਾਗਾਗਾ ਦੀ ਅਨਾਜ ਮੰਡੀ ਪਹੁੰਚ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

Saturday, Oct 12, 2024 - 08:01 PM (IST)

ਲਹਿਰਾਗਾਗਾ, (ਗਰਗ)- 1 ਅਕਤੂਬਰ ਤੋਂ ਸੂਬੇ ਅੰਦਰ ਕਿਸਾਨਾਂ ਦੀ ਜੀਰੀ ਦੀ ਫਸਲ ਦੇ ਸ਼ੂਰੂ ਹੋਏ ਖਰੀਦ ਸੀਜ਼ਨ ਦੇ ਚਲਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਲਹਿਰਾਗਾਗਾ ਦੀ ਅਨਾਜ ਮੰਡੀ ਵਿਖੇ ਪਹੁੰਚ ਕੇ ਖਰੀਦ ਪ੍ਰਬੰਧਾ ਜਾਇਜ਼ਾ ਲੈਦਿਆ ਕਿਸਾਨਾਂ ਆੜਤੀਆਂ ਨੂੰ ਵਿਸ਼ਵਾਸ ਦਵਾਇਆ ਕਿ ਖਰੀਦ ਕੇਂਦਰਾਂ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। 

ਇਸ ਮੌਕੇ ਸ਼ੈਲਰ ਮਾਲਕਾਂ ਨੇ ਕੈਬਨਿਟ ਮੰਤਰੀ ਗੋਇਲ ਅੱਗੇ ਮੰਗ ਰੱਖੀ ਕਿ ਚਾਵਲ ਲਗਾਉਣ ਲਈ ਥਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਿਛਲੇ ਲੰਬੇ ਸਮੇਂ ਐੱਫ. ਸੀ. ਆਈ. ਵੱਲੋਂ ਮੀਲਿੰਗ ਲਈ ਲਗਾਈ ਜੀਰੀ ਦੀ ਫਸਲ ਵਿੱਚੋਂ 67 ਕਿਲੋ ਚਾਵਲ ਲੈਣ ਦੀ ਸ਼ਰਤ ਨੂੰ ਹਟਾ ਕੇ 62 ਕਿਲੋ ਕੀਤਾ ਜਾਵੇ ਤਾਂ ਹੀ ਸੈਲਰ ਉਦਯੋਗ ਬਚ ਸਕਦੈ। ਦੂਜੇ ਪਾਸੇ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਕੈਬਨਿਟ ਮੰਤਰੀ ਗੋਇਲ ਨੂੰ ਆੜਤੀਆਂ ਦੀਆਂ ਮੰਗਾਂ ਤੇ ਮੁਸ਼ਕਲ ਬਾਰੇ ਦੱਸਦਿਆਂ ਹੱਲ ਕਰਵਾਉਣ ਦੀ ਮੰਗ ਕੀਤੀ। 

ਮੰਤਰੀ ਗੋਇਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਸੈਲਰ ਮਾਲਕਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਪਰ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਾਲ ਦਾ ਪੰਜਾਬ ਦੇ ਵੱਖ-ਵੱਖ ਸਟੋਰਾਂ ਵਿੱਚ 170 ਲੱਖ ਮੀਟਰਿਕ ਟਨ ਅਨਾਜ ਪਿਆ ਅਤੇ ਸ਼ੁਰੂ ਹੋਏ ਸੀਜ਼ਨ ਦੌਰਾਨ ਵੀ ਲਗਭਗ 125 ਲੱਖ ਮੀਟ੍ਰਿਕ ਟਨ ਅਨਾਜ ਆਉਣਾ ਹੈ, ਇਸ ਅਨਾਜ ਨੂੰ ਹੋਰਨਾਂ ਸੂਬਿਆਂ ਵਿੱਚ ਭੇਜਣ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੈ। 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਉਕਤ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਬਾਰ-ਬਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਆ ਕੇ ਸੂਬੇ ਵਿੱਚੋਂ ਚਾਵਲ ਉਠਾਣ ਅਤੇ ਜੀਰੀ ਦੀ ਫਸਲ ਵਿੱਚੋਂ ਨਿਕਲਣ ਵਾਲੇ ਚਾਵਲ ਦੀ ਮਾਤਰਾ 62 ਕਿਲੋ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਮੁੱਖ ਅਨਾਜ ਮੰਡੀਆਂ ਤੇ ਪਿੰਡਾਂ ਦੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਤੇ ਕਿਸਾਨ ਵਿਰੋਧੀ ਦੱਸਦਿਆ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਆਰ ਡੀ ਐੱਫ (ਰੂਲਰ ਡਿਵੈਲਪਮੈਂਟ ਫੰਡ) ਦਾ ਹਜ਼ਾਰਾਂ ਕਰੋੜ ਰੁਪਿਆ ਰੋਕ ਕੇ ਪੰਜਾਬ ਦੇ ਵਿਕਾਸ ਅਤੇ ਖੁਸ਼ਾਲੀ ਨੂੰ ਢਾਹ ਲਾਈ ਹੈ।

ਇਸ ਮੌਕੇ ਮੰਤਰੀ ਗੋਇਲ ਦੇ ਬੇਟੇ ਗੌਰਵ ਗੋਇਲ, ਓ ਐੱਸ ਡੀ ਰਕੇਸ਼ ਕੁਮਾਰ ਗੁਪਤਾ, ਐੱਸ.ਡੀ.ਐੱਮ ਸੂਬਾ ਸਿੰਘ, ਡੀ.ਐੱਸ.ਪੀ ਦੀਪਇੰਦਰਪਾਲ ਸਿੰਘ ਜੇਜੀ, ਤਹਿਸੀਲਦਾਰ ਸੁਰਿੰਦਰਪਾਲ ਪੰਨੂ, ਮਾਰਕੀਟ ਕਮੇਟੀ ਦੇ ਸੈਕਟਰੀ ਅਮਨਦੀਪ ਸਿੰਘ, ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ, ਯੂਥ ਆਗੂ ਅਸ਼ਵਨੀ ਅਗਰਵਾਲ, ਆੜਤੀ ਆਗੂ ਓਮ ਪ੍ਰਕਾਸ਼ ਜਵਾਹਰਵਾਲਾ, ਨਰਾਤਾ ਰਾਮ ਫਤਿਹਗੜ੍ਹ ਤੋਂ ਇਲਾਵਾ ਖਰੀਦ ਏਜੰਸੀ ਦੇ ਅਧਿਕਾਰੀ ਵੀ ਮੌਜੂਦ ਸਨ। 


Rakesh

Content Editor

Related News