ਬਾਦਲ ਸਰਕਾਰ ਨੇ 10 ਸਾਲਾਂ ਦੌਰਾਨ ਪੰਜਾਬ ਨੂੰ ਕੰਗਾਲ ਕੀਤਾ : ਧਰਮਸੌਤ

Tuesday, Apr 17, 2018 - 01:36 PM (IST)

ਬਾਦਲ ਸਰਕਾਰ ਨੇ 10 ਸਾਲਾਂ ਦੌਰਾਨ ਪੰਜਾਬ ਨੂੰ ਕੰਗਾਲ ਕੀਤਾ : ਧਰਮਸੌਤ

ਨਾਭਾ (ਜੈਨ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 13 ਮਹੀਨਿਆਂ ਦੇ ਸ਼ਾਸਨ ਦੌਰਾਨ ਚੋਣਾਂ ਸਮੇਂ ਕੀਤੇ ਗਏ ਅਨੇਕ ਵਾਅਦੇ ਪੂਰੇ ਕਰ ਕੇ ਲੋਕਾਂ ਦਾ ਮਨ ਜਿੱਤ ਲਿਆ ਹੈ। ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਆਗੂ ਅੰਦਰੂਨੀ ਮਤਭੇਦਾਂ ਕਾਰਨ ਆਪਸ ਵਿਚ ਹੀ ਅੰਦਰਖਾਤੇ ਝਗੜ ਰਹੇ ਹਨ। ਭਾਜਪਾ ਨੇ ਤਾਂ ਆਪਣਾ ਸੂਬਾ ਪ੍ਰਧਾਨ ਵੀ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਸ਼ਾਸਨ ਦੌਰਾਨ ਬੇਰੋਜ਼ਗਾਰੀ ਵਿਚ ਵਾਧਾ ਹੋਇਆ। ਕਥਿਤ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਕਾਰਨ ਬਾਦਲ ਸਰਕਾਰ ਨੇ ਸੂਬੇ ਨੂੰ 10 ਸਾਲਾਂ ਦੌਰਾਨ ਕੰਗਾਲ ਕਰ ਦਿੱਤਾ। ਕੈਪਟਨ ਦੀ ਸਿਆਣਪ ਸਦਕਾ ਪੰਜਾਬ ਪੁਲਸ ਨੇ ਗੈਂਗਸਟਰਾਂ ਨੂੰ ਕਾਬੂ ਕਰ ਕੇ ਸੂਬੇ ਵਿਚ ਹੋ ਰਹੀਆਂ ਟਾਰਗੈੱਟ ਕਿਲਿੰਗਜ਼ ਨੂੰ ਖਤਮ ਕੀਤਾ। ਧਰਮਸੌਤ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਰੋਜ਼ਾਨਾ ਸਾਡੀ ਸਰਕਾਰ ਨੂੰ ਸਲਾਹਾਂ ਦੇ ਰਹੇ ਹਨ। ਅਸੀਂ ਉਨ੍ਹਾਂ ਪਾਸੋਂ ਨਾ ਹੀ ਕੋਈ ਸਲਾਹ ਮੰਗੀ ਹੈ ਤੇ ਨਾ ਹੀ ਸਾਨੂੰ ਉਨ੍ਹਾਂ ਦੇ ਕਿਸੇ ਸਰਟੀਫਿਕੇਟ ਦੀ ਲੋੜ ਹੈ। ਬਾਦਲ ਦੀ ਪਾਰਟੀ ਪ੍ਰਾਈਵੇਟ ਲਿਮਟਿਡ ਪਾਰਟੀ ਬਣ ਕੇ ਰਹਿ ਗਈ ਹੈ, ਜਿਸ ਵਿਚ ਵੱਡੇ ਬਾਦਲ ਨੇ ਆਪਣੀ ਸਰਪ੍ਰਸਤੀ ਹੇਠ ਆਪਣੇ ਬੇਟੇ ਸੁਖਬੀਰ ਨੂੰ ਪਾਰਟੀ ਪ੍ਰਧਾਨ ਬਣਾ ਰੱਖਿਆ ਹੈ ਅਤੇ ਨੂੰਹ ਹਰਸਿਮਰਤ ਨੂੰ ਕੇਂਦਰੀ ਵਜ਼ੀਰ। ਕੈਬਨਿਟ ਮੰਤਰੀ ਨੇ ਕਿਹਾ ਕਿ 'ਆਪ' ਦਾ ਆਧਾਰ ਹੁਣ ਖਤਮ ਹੋ ਗਿਆ ਹੈ। 
ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਵੀ ਪਿੰਡਾਂ ਵਿਚੋਂ ਖਤਮ ਹੋਣਾ ਆਰੰਭ ਹੋ ਗਿਆ ਹੈ। ਪੰਜਾਬੀ ਹੁਣ ਇਨ੍ਹਾਂ ਦੀਆਂ ਚਾਲਾਂ ਤੇ ਸਾਜ਼ਿਸ਼ਾਂ ਨੂੰ ਸਮਝ ਚੁੱਕੇ ਹਨ। ਇਸ ਮੌਕੇ ਜ਼ਿਲਾ ਕਾਂਗਰਸ ਜਨਰਲ ਸਕੱਤਰ ਭੁਵੇਸ਼ ਬਾਂਸਲ ਤੇ ਪੀ. ਏ. ਚਰਨਜੀਤ ਬਾਤਿਸ਼ ਤੋਂ ਇਲਾਵਾ ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ ਵੀ ਹਾਜ਼ਰ ਸਨ।


Related News