ਕੇਜਰੀਵਾਲ ਸਰਕਾਰ ਵੱਲੋਂ ਡੀਜ਼ਲ ਦੀਆਂ ਕੀਮਤਾਂ ਘਟਾਉਣ 'ਤੇ ਜਾਣੋ ਕੀ ਬੋਲੇ ਕੈਬਨਿਟ ਮੰਤਰੀ ਧਰਮਸੌਤ
Friday, Jul 31, 2020 - 03:36 PM (IST)
ਨਾਭਾ(ਰਾਹੁਲ ਖੁਰਾਣਾ) - ਰਿਆਸਤੀ ਨਗਰੀ ਨਾਭਾ ਪਿਛਲੇ ਕਈ ਦਹਾਕਿਆਂ ਤੋਂ ਸੀਵਰ ਦੀ ਸਮੱਸਿਆ ਨਾਲ਼ ਜੂਝ ਰਹੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਸ਼ਹਿਰ ਵਿਚ 17 ਕਰੋੜ ਦੀ ਲਾਗਤ ਨਾਲ਼ ਸੀਵਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ। ਇਸ ਟ੍ਰੀਟਮੈਂਟ ਪਲਾਂਟ ਲੱਗਣ ਨਾਲ਼ ਨਾ ਸਿਰਫ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੂਰ ਹੋਵੇਗੀ ਸਗੋਂ ਪਾਣੀ ਤੋਂ ਹੋਣ ਵਾਲ਼ੀ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ। ਇਹ ਪਲਾਂਟ ਵਾਤਾਵਰਨ ਨੂੰ ਸਾਫ ਰੱਖਣ ਵਿਚ ਮਦਦਗਾਰ ਹੋਵੇਗਾ। ਇਸ ਟ੍ਰੀਟਮੈਂਟ ਪਲਾਂਟ ਨੂੰ ਮੁਕੰਮਲ ਹੋਣ ਵਿਚ ਇਕ ਸਾਲ ਤਿੰਨ ਮਹੀਨੇ ਦਾ ਸਮਾਂ ਲੱਗੇਗਾ। ਇਸ ਦਾ ਨਾਭਾ ਨਿਵਾਸੀਆਂ ਨੂੰ ਖੂਬ ਲਾਭ ਮਿਲੇਗਾ।
ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਵਿਚ 8 ਰੁਪਏ ਦੀ ਕਟੌਤੀ 'ਤੇ ਧਰਮਸੋਤ ਨੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਦਾ ਵੱਖਰਾ ਕੰਮ, ਦਿੱਲੀ ਦੇ ਰੀਤੀ ਰਿਵਾਜ ਹੋਰ ਨੇ ਅਤੇ ਪੰਜਾਬ ਦੇ ਰੀਤੀ-ਰਿਵਾਜ ਹੋਰ ਨੇ। ਧਰਮਸੋਤ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਵਿਚ ਕਮਾਈ ਦੇ ਸਾਧਨ ਸਰਕਾਰ ਕੋਲ ਨਹੀਂ ਹਨ। ਪਰ ਫਿਰ ਵੀ ਪੰਜਾਬ ਵਿਚ ਕਿਸੇ ਵੀ ਜਗ੍ਹਾ ਤੇ ਡਿਵੈਲਮੈਂਟ ਦੇ ਕੰਮ ਨਹੀਂ ਰੁਕੇ। ਕੇਂਦਰ ਦੀ ਮੋਦੀ ਸਰਕਾਰ ਨੇ ਕੱਚੇ ਤੇਲ ਦੇ ਰੇਟਾਂ ਵਿਚ ਦਸ ਗੁਣਾ ਵਾਧਾ ਕੀਤਾ ਹੋਇਆ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ, ਪੰਜਾਬ ਸਰਕਾਰ ਆਪਣੇ ਬਲਬੂਤੇ ਤੇ ਕੰਮ ਕਰ ਰਹੀ ਹੈ।
ਨਵਜੋਤ ਕੌਰ ਸਿੱਧੂ ਦੇ ਟਵੀਟ ਦਾ ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਕਹਿੰਦਾ ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਤਾਂ ਮੈਂ ਉਹਨੂੰ ਚਾਚਾ ਨਾ ਕਹਿੰਦਾ। ਇਹ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਕਿਸ ਦੀ ਸਰਕਾਰ ਬਣਾਉਣੀ ਹੈ ਤੇ ਕਿਸ ਦੀ ਨਹੀਂ।
ਸ਼੍ਰੋਮਣੀ ਅਕਾਲੀ ਦਲ 1 ਅਗਸਤ ਤੋਂ ਪੰਜਾਬ ਭਰ ਦੇ ਵਿਚ ਧਰਨੇ ਪ੍ਰਦਰਸ਼ਨ ਕਰਨ ਜਾ ਰਹੀ ਹੈ ਜਿਸ ਤੇ ਧਰਮਸੋਤ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰੋਟੈਸਟ ਬਿਲਕੁਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਛਤਾਵਾ ਵੀ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਪੰਜਾਬ ਨੂੰ 10 ਸਾਲ ਕੁੱਟਿਆ ਅਤੇ ਲੁੱਟਿਆ ਹੈ। ਪੰਜਾਬ ਵਿਚ ਬੇਅਦਬੀ ਅਤੇ ਬਰਗਾੜੀ ਕਾਂਡ ਹੋਏ ਨੇ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਘਰ-ਘਰ ਜਾ ਕੇ ਮਾਫ਼ੀਆਂ ਮੰਗਣੀਆਂ ਚਾਹੀਦੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦਾ ਕੋਈ ਵੀ ਵਜੂਦ ਨਹੀਂ ਹੈ।
ਐਸਵਾਈਐਲ ਨਹਿਰ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਕਿਹਾ ਕਿ ਅਸੀਂ ਆਪਣਾ ਪਾਣੀ ਦਾ ਹੱਕ ਲੈ ਕੇ ਰਹਾਂਗੇ ਜਿਸ ਤੇ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਪੰਜਾਬ ਵਿਚ ਬਨਾਵਟੀ ਲੀਡਰ ਕੇਜਰੀਵਾਲ ਆਇਆ ਸੀ ਉਹ ਵੀ ਕਹਿੰਦਾ ਸੀ ਕੀ ਪਾਣੀ ਪੰਜਾਬ ਦਾ ਹੈ। ਇਸ ਤੋਂ ਬਾਅਦ ਅੰਬਾਲੇ ਵਿਚ ਜਾ ਕੇ ਕਹਿੰਦਾ ਇਹ ਪਾਣੀ ਪੰਜਾਬ ਦਾ ਹੈ ਤੇ ਹਰਿਆਣੇ ਦਾ ਵੀ ਹੈ, ਦਿੱਲੀ ਜਾ ਕੇ ਕਹਿੰਦਾ ਇਹ ਪਾਣੀ ਦਿੱਲੀ ਦਾ ਵੀ ਹੈ ਤੇ ਪੰਜਾਬ ਦਾ ਹਰਿਆਣੇ ਦਾ ਵੀ ਹੈ। ਸਿਰਫ ਤੇ ਸਿਰਫ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਦਾਅ ਤੇ ਲਾ ਕੇ ਕਹਿੰਦਾ ਹੈ ਕਿ ਇਹ ਪਾਣੀ ਪੰਜਾਬ ਦਾ ਸੀ ਹੈ ਅਤੇ ਰਹੇ।
ਇਸ ਮੌਕੇ ਤੇ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਨੇ ਕਿਹਾ ਕਿ ਨਾਭਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਪਾਣੀ ਦਾ ਮੁਕੰਮਲ ਹੱਲ ਕੀਤਾ ਜਾਵੇ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ 17 ਕਰੋੜ ਰੁਪਏ ਦੀ ਲਾਗਤ ਨਾਲ ਸੀਵਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਹੈ, ਇਸ ਦੇ ਨਾਲ ਲੰਮੇ ਸਮੇਂ ਤੋਂ ਆ ਰਹੀ ਪਾਣੀ ਦੀ ਮੁਸ਼ਕਿਲ ਦਾ ਮੁਕੰਮਲ ਹੱਲ ਹੋਵੇਗਾ।