ਪੰਜਾਬ ਸਰਕਾਰ ਸੂਬੇ ’ਚ ਬਿਨਾਂ ਕਿਸੇ ਵਿਤਕਰੇ ਤੋਂ ਪ੍ਰਦਾਨ ਕਰ ਰਹੀ ਬਿਹਤਰ ਸਿਹਤ ਸਹੂਲਤਾਂ: ਬ੍ਰਹਮਸ਼ੰਕਰ ਜ਼ਿੰਪਾ

07/18/2022 11:09:34 AM

ਜਲੰਧਰ/ਹੁਸ਼ਿਆਰਪੁਰ (ਧਵਨ, ਘੁੰਮਣ)- ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਾਈ ਗਈ ਸੀ. ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰਦਿਆਂ ਐਤਵਾਰ ਕਿਹਾ ਕਿ ਪੰਜਾਬ ਸਰਕਾਰ ਹਰ ਲੋੜਵੰਦ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿੱਚ ਵਾਧਾ ਕਰਦਿਆਂ ਇਹ ਸੀ. ਟੀ. ਸਕੈਨ ਮਸ਼ੀਨ ਲਾਈ ਗਈ ਹੈ। ਡਾਇਗਨੌਸਟਿਕ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਦੇ ਬਹੁਤ ਹੀ ਵਾਜਬ ਕੀਮਤ ’ਤੇ ਟੈਸਟ ਕਰਵਾਏ ਜਾਣਗੇ। ਇਹ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ। ਇਸ ਮੌਕੇ ਉਨ੍ਹਾਂ ਨਾਲ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ: ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ, ਗੰਦੀ ਰਾਜਨੀਤੀ ਕਾਰਨ ਪੰਜਾਬ ਦੇ ਕੁਦਰਤੀ ਸਰੋਤ ਹੋਏ ਪਲੀਤ

ਕੈਬਨਿਟ ਮੰਤਰੀ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਸੀ. ਟੀ. ਸਕੈਨ ਮਸ਼ੀਨ ਲਾਈ ਗਈ ਹੈ। ਇਸ ਡਾਇਗਨੌਸਟਿਕ ਸੈਂਟਰ ਵਿੱਚ ਸੀ. ਟੀ. ਸਕੈਨ ਅਤੇ ਹੋਰ ਲੈਬ ਟੈਸਟਾਂ ਦੇ ਰੇਟ ਬਾਜ਼ਾਰ ਦੇ ਰੇਟਾਂ ਨਾਲੋਂ 70 ਤੋਂ 80 ਫੀਸਦੀ ਘੱਟ ਹਨ। ਉਨ੍ਹਾਂ ਦੱਸਿਆ ਕਿ ਸੀ. ਟੀ . ਸਕੈਨ ਬ੍ਰੇਨ ਜੋ ਬਾਜ਼ਾਰ ਵਿੱਚ 3000 ਤੋਂ 3500 ਰੁਪਏ ਦੇ ਕਰੀਬ ਹੈ, ਉਹ ਇਥੇ 485 ਰੁਪਏ ਵਿੱਚ ਕੀਤਾ ਜਾਵੇਗਾ। ਵਿਟਾਮਿਨ-ਡੀ ਦਾ ਟੈਸਟ ਜੋ ਬਾਜ਼ਾਰ ਵਿੱਚ 1200-1300 ਰੁਪਏ ਵਿੱਚ ਕੀਤਾ ਜਾਂਦਾ ਹੈ, ਉਹ ਇਥੇ ਸਿਰਫ਼ 290 ਰੁਪਏ ਵਿੱਚ ਹੋਵੇਗਾ। ਜ਼ਿੰਪਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਸਥਾਪਿਤ ਸੀ. ਟੀ. ਸਕੈਨ ਅਤੇ ਡਾਇਗਨੋਸਟਿਕ ਸੈਂਟਰ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਤੋਂ ਇਲਾਵਾ ਹੋਰ ਮਾਨਤਾ ਪ੍ਰਾਪਤ ਡਾਕਟਰਾਂ ਵੱਲੋਂ ਲਿਖੀ ਪਰਚੀ (ਜਿਸ ’ਤੇ ਡਾਕਟਰ ਦੀ ਮੋਹਰ ਲੱਗੀ ਹੁੰਦੀ ਹੈ) ਦਿਖਾ ਕੇ ਵੀ ਟੈਸਟ ਕਰਵਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਤੋਂ ਇਲਾਵਾ ਸਾਰੀਆਂ ਬੁਨਿਆਦੀ ਸਹੂਲਤਾਂ ਵੀ ਮਿਲ ਰਹੀਆਂ ਹਨ। ਇਸ ਦੌਰਾਨ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ, ਐੱਸ.ਐੱਮ.ਓ. ਡਾ. ਸਵਾਤੀ, ਸੁਨੀਲ ਭਗਤ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਅਤੇ ਹੋਰ ਮੈਡੀਕਲ ਅਫ਼ਸਰਾਂ ਤੋਂ ਇਲਾਵਾ ਅਜੇ ਮੋਹਨ ਬੱਬੀ, ਸਤਵੰਤ ਸਿੰਘ ਸਿਆਣ, ਸੰਦੀਪ ਸੈਣੀ, ਵਰਿੰਦਰ ਸ਼ਰਮਾ ਸਿੰਘ , ਦਲੀਪ ਓਹਰੀ, ਅਗਿਆ ਪਾਲ ਸਿੰਘ ਸਾਹਨੀ, ਸੁਮੇਸ਼ ਸੋਨੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News