ਗੋਲੀ ਕਾਂਡ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਮੰਗਾਂ ਜਲਦ ਕੀਤੀਆਂ ਜਾਣਗੀਆਂ ਪੂਰੀਆਂ : ਬਾਜਵਾ (ਵੀਡੀਓ)
Sunday, Oct 14, 2018 - 03:41 PM (IST)
ਫਰੀਦਕੋਟ (ਜਗਤਾਰ, ਨਰਿੰਦਰ, ਭਾਵਿਤ) - ਪੰਜਾਬ ਸਰਕਾਰ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ ਤੇ ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਲਦ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਆਧਾਰਤ ਚਾਰ ਮੈਂਬਰੀ ਵਫ਼ਦ ਵੱਲੋਂ ਪਿੰਡ ਬਹਿਬਲ ਖ਼ੁਰਦ ਅਤੇ ਸਰਾਂਵਾਂ ਦੇ ਦੋ ਨੌਜਵਾਨਾਂ, ਜਿਨ੍ਹਾਂ ਦੀ 14 ਅਕਤੂਬਰ 2015 ਨੂੰ ਬਹਿਬਲ ਗੋਲੀ ਕਾਂਡ 'ਚ ਮੌਤ ਹੋਈ ਸੀ, ਦੀ ਬਰਸੀ ਮੌਕੇ ਪਿੰਡ ਬਹਿਬਲ ਖ਼ੁਰਦ ਅਤੇ ਸਰਾਵਾਂ ਵਿਖੇ ਪਿੰਡ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਆਧਾਰਤ ਵਫ਼ਦ ਨੂੰ ਪਿੰਡ ਬਹਿਬਲ ਖ਼ੁਰਦ ਅਤੇ ਬਰਗਾੜੀ ਵਿਖੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਭੇਜਿਆ ਗਿਆ ਹੈ।
ਉਨ੍ਹਾਂ ਕਿਹਾ ਕਿ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਟਾਲਿਆ ਜਾ ਸਕਦਾ ਸੀ। ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਇਸ ਘਟਨਾ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ, ਜਿਸ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਸਲਾਖ਼ਾਂ ਪਿੱਛੇ ਹੋਣਗੇ ਅਤੇ ਇਸ ਲਈ ਸਰਕਾਰ ਨੂੰ ਜੇਕਰ ਮਾਣਯੋਗ ਅਦਾਲਤਾਂ 'ਚ ਕੋਈ ਹੋਰ ਕਾਨੂੰਨੀ ਚਾਰਾਜੋਈ ਕਰਨੀ ਪਈ ਤਾਂ ਸਰਕਾਰ ਪਿੱਛੇ ਨਹੀਂ ਹਟੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਵੱਲੋਂ ਬਰਗਾੜੀ ਕਾਂਡ ਸਬੰਧੀ ਦਿੱਤੇ ਗਏ ਅਸਤੀਫ਼ੇ ਤੇ ਹੈਰਾਨੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਫੂਲਕਾ ਇਸ ਧਾਰਮਿਕ ਘਟਨਾ 'ਤੇ ਵੀ ਆਪਣੀ ਸਿਆਸਤ ਚਮਕਾ ਰਹੇ ਹਨ ਅਤੇ ਅਸਤੀਫ਼ਿਆਂ ਨਾਲ਼ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਣਾ।
ਬਾਜਵਾ ਨੇ ਕਿਹਾ ਕਿ ਪਿੰਡ ਬਹਿਬਲ ਖ਼ੁਰਦ ਵਿਖੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਅਧੂਰੇ ਪਏ ਕਮਿਊਨਿਟੀ ਹਾਲ ਅਤੇ ਸੜਕਾਂ ਆਦਿ ਸਬੰਧੀ ਮੰਗਾਂ ਪੇਸ਼ ਕੀਤੀਆਂ ਗਈਆਂ ਸਨ, ਜਿਨਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਸ਼ਹੀਦਾਂ ਦੇ ਪਰਿਵਾਰਾਂ ਅਤੇ ਪਿੰਡਾਂ ਨੂੰ ਵਿਕਾਸ ਕਾਰਜਾਂ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਪੂਰੀ ਤਰ੍ਹਾਂ ਪਿੰਡ ਵਾਸੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ਼ ਹੈ। ਇਸ ਮੌਕੇ ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ੍ਰੀ ਪਵਨ ਗੋਇਲ, ਜ਼ਿਲਾ ਕਾਂਗਰਸ ਪ੍ਰਧਾਨ ਸ. ਜੋਗਿੰਦਰ ਸਿੰਘ ਪੰਜਗਰਾਂਈ, ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਆਦਿ ਹਾਜ਼ਰ ਸਨ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            