ਕੈਬ ਬੁੱਕ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਸਸਤੇ 'ਚ ਮਿਲੇਗਾ ਸੇਵਾ ਦਾ ਲਾਭ
Monday, Sep 25, 2023 - 03:31 PM (IST)
ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸ਼ਹਿਰ 'ਚ ਐਪ ਬੇਸਡ ਇਲੈਕਟ੍ਰਿਕ ਕੈਬ ਸੇਵਾ ਸ਼ੁਰੂ ਕੀਤੀ ਹੈ, ਜਿਸ ਰਾਹੀਂ ਲੋਕਾਂ ਨੂੰ ਸਸਤੇ ਰੇਟਾਂ ’ਤੇ ਕੈਬ ਸੇਵਾ ਦਾ ਲਾਭ ਮਿਲੇਗਾ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਦੇਸ਼ ਭਰ 'ਚ ਇਹ ਆਪਣੀ ਤਰ੍ਹਾਂ ਦੀ ਨਿਵੇਕਲੀ ਪਹਿਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚੰਡੀਗੜ੍ਹ 'ਚ ਪਹਿਲਾ ਇਲੈਕਟ੍ਰਿਕ ਮੋਟਰਸਾਈਕਲ ਵੀ ਲਾਂਚ ਕੀਤਾ ਹੈ, ਜੋ ਕਿ ਸਿਟੀ ਬਿਊਟੀਫੁੱਲ 'ਚ ਪ੍ਰਦੂਸ਼ਣ ਰਹਿਤ ਇਲੈਕਟ੍ਰਿਕ ਬਾਈਕ ਸੇਵਾਵਾਂ ਯਕੀਨੀ ਬਣਾਏਗਾ। ਪ੍ਰੋਗਰਾਮ ਦੌਰਾਨ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਈ. ਵੀ. ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਟੀਚਾ 2030 ਤੱਕ ਚੰਡੀਗੜ੍ਹ ਨੂੰ ਕਾਰਬਨ ਨਿਊਟਰਲ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ 'ਚ ਹਰਿਆਲੀ ਵਧਾਉਣ ਲਈ ਯਤਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਪ੍ਰਦੂਸ਼ਣ ਨੂੰ ਘਟਾਉਣ ਲਈ ਵੱਖ-ਵੱਖ ਪੱਧਰਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਰਾਣੇ ਵਾਹਨਾਂ ਨੂੰ ਸੜਕ ਤੋਂ ਹਟਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਦੀ ਸ਼ੁਰੂਆਤ ਸਰਕਾਰੀ ਗੱਡੀਆਂ ਨੂੰ ਹਟਾ ਕੇ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ ਵੀ ਅੱਗੇ ਇਲੈਕਟ੍ਰਿਕ ਵਾਹਨ ਖਰੀਦੇ ਜਾਣਗੇ। ਇਸ ਤੋਂ ਇਲਾਵਾ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਏਅਰ ਪਿਊਰੀਫਾਇਰ ਟਾਵਰ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ, ਮਾਰੀਆਂ ਲੱਤਾਂ
ਪਰੇਡ ਗਰਾਊਂਡ ’ਚ ਲੱਗਾ ਇਲੈਕਟ੍ਰਿਕ ਵਾਹਨਾਂ ਦਾ ਮੇਲਾ
ਦਰਅਸਲ ਸੈਕਟਰ-17 ਸਥਿਤ ਪਰੇਡ ਗਰਾਊਂਡ 'ਚ ਇਲੈਕਟ੍ਰਿਕ ਵ੍ਹੀਕਲਜ਼ (ਈ. ਵੀ.) ਦਾ ਮੇਲਾ ਲਾਇਆ ਜਾ ਰਿਹਾ ਹੈ। ਰੀਨਿਊਏਬਲ ਐਨਰਜੀ ਐਂਡ ਇਲੈਕਟ੍ਰਿਕ ਵ੍ਹੀਕਲ ਐਕਸਪੋ (ਰੀਵ) ਵਿਚ 33 ਕੰਪਨੀਆਂ-ਏਜੰਸੀਆਂ ਦੇ 60 ਸਟਾਲ ਹਨ। ਇੱਥੇ ਸਾਈਕਲਾਂ ਤੋਂ ਟਰੱਕਾਂ ਤਕ ਸਭ ਕੁਝ ਇਲੈਕਟ੍ਰਿਕ ਹੈ। ਇਸ ਐਕਸਪੋ ਵਿਚ ਪਹਿਲੀ ਵਾਰ ਲੌਜਿਸਟਿਕਸ ਲਈ ਇਲੈਕਟ੍ਰਿਕ ਹੈਵੀ ਵਾਹਨ ਵੀ ਪ੍ਰਦਰਸ਼ਿਤ ਕੀਤੇ ਗਏ ਹਨ। ਇਹ ਐਕਸਪੋ ਐਤਵਾਰ ਤਕ ਚੱਲੇਗਾ। ਐਕਸਪੋ ਵਿਚ ਐਂਟਰੀ ਮੁਫ਼ਤ ਹੈ। ਕੋਈ ਵੀ ਵਿਅਕਤੀ ਇਲੈਕਟ੍ਰਿਕ ਵਾਹਨਾਂ ਨਾਲ ਸਬੰਧਿਤ ਆਪਣਾ ਕੋਈ ਵੀ ਸ਼ੱਕ ਦੂਰ ਕਰਨ ਲਈ ਐਕਸਪੋ ਵਿਚ ਜਾ ਸਕਦਾ ਹੈ। ਇੱਥੇ ਕਈ ਕੰਪਨੀਆਂ ਨੇ ਦੇ ਦੋਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪ੍ਰਦਰਸ਼ਨੀ ਲਾਈ ਹੈ। ਲੋਕ ਐਕਸਪੋ ਵਿਚ ਜਾ ਕੇ ਵਾਹਨ ਚਲਾ ਕੇ ਦੇਖ ਸਕਦੇ ਹਨ ਅਤੇ ਮੌਕੇ ’ਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਸਵਾਲ-ਜਵਾਬ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8