ਸੀ. ਸੀ. ਟੀ. ਵੀ. ਕੈਮਰਿਆਂ ਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਲੁਟੇਰੇ ਕਾਬੂ
Wednesday, Aug 09, 2017 - 01:59 AM (IST)

ਮਾਲੇਰਕੋਟਲਾ, (ਸ਼ਹਾਬੂਦੀਨ, ਜ਼ਹੂਰ)— ਲੰਘੀ 28 ਜੁਲਾਈ ਨੂੰ ਗਰੇਵਾਲ ਚੌਕ ਵਿਖੇ ਮੋਟਰਸਾਈਕਲ ਸਵਾਰ ਪਿਓ-ਪੁੱਤਰ ਤੋਂ ਦਿਨ-ਦਿਹਾੜੇ 70 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋਏ ਦੋਵੇਂ ਸਕੂਟਰੀ ਸਵਾਰ (ਲੁਟੇਰੇ) ਨੌਜਵਾਨਾਂ ਨੂੰ ਮਾਲੇਰਕੋਟਲਾ ਪੁਲਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਦਬੋਚਣ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਇਥੇ ਸਬ-ਡਵੀਜ਼ਨਲ ਪੁਲਸ ਕੰਪਲੈਕਸ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੈੱਸ.ਪੀ. ਮਾਲੇਰਕੋਟਲਾ ਯੋਗੀ ਰਾਜ ਅਤੇ ਜਤਿੰਦਰਪਾਲ ਸਿੰਘ ਐੱਸ.ਐੈੱਚ.ਓ. ਥਾਣਾ ਸਿਟੀ-1 ਮਾਲੇਰਕੋਟਲਾ ਨੇ ਦਾਅਵਾ ਕੀਤਾ ਕਿ ਪੰਜਾਬ ਐਂਡ ਸਿੰਧ ਬੈਂਕ 'ਚੋਂ ਨਕਦੀ ਕਢਵਾ ਕੇ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਮਾਲੇਰਕੋਟਲਾ ਦੇ ਖੰਨਾ ਰੋਡ ਨੂਰ ਬਸਤੀ ਦੇ ਵਸਨੀਕ ਮੁਹੰਮਦ ਸੁਰਾਜ ਪੁੱਤਰ ਬੂਟਾ ਖਾਂ ਕੋਲੋਂ ਗਰੇਵਾਲ ਚੌਕ ਵਿਚ 70 ਹਜ਼ਾਰ ਰੁਪਏ ਦੀ ਖੋਹ ਕਰ ਕੇ ਫਰਾਰ ਹੋਏ ਸਕੂਟਰੀ ਸਵਾਰ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟੀ ਗਈ ਨਕਦੀ ਅਤੇ ਅਤੇ ਵਾਰਦਾਤ ਮੌਕੇ ਵਰਤੀ ਗਈ ਸਕੂਟਰੀ ਬਰਾਮਦ ਕਰ ਲਈ ਗਈ ਹੈ। ਪੁਲਸ ਦੇ ਦੱਸਣ ਅਨੁਸਾਰ ਇਸ ਵਾਰਦਾਤ ਬਾਰੇ ਜਤਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ ਦੀ ਦੇਖ-ਰੇਖ ਹੇਠ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਦੀ ਅਗਵਾਈ 'ਚ ਗਠਿਤ ਕੀਤੀ ਜਾਂਚ ਟੀਮ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੂਰੀ ਮੁਸਤੈਦੀ ਨਾਲ ਜੱਦੋ-ਜਹਿਦ ਕਰਦਿਆਂ ਇਲਾਕੇ ਅਤੇ ਬੈਂਕ 'ਚ ਲੱੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਪੂਰੀ ਤਰ੍ਹਾਂ ਖੰਘਾਲਣ ਉਪਰੰਤ ਪ੍ਰਾਪਤ ਕੀਤੇ ਸੀ.ਸੀ.ਟੀ.ਵੀ. ਫੁਟੇਜ ਨੂੰ ਸੋਸ਼ਲ ਮੀਡੀਆ, ਵਟਸਐਪ ਗਰੁੱਪਾਂ ਵਿਚ ਭੇਜਿਆ ਗਿਆ। ਦੋਸ਼ੀਆਂ ਦੀ ਸ਼ਨਾਖਤ ਹੋਣ 'ਤੇ ਪੁਲਸ ਨੇ 29 ਜੁਲਾਈ ਨੂੰ ਇਸ ਮਾਮਲੇ 'ਚ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਚੌਂਦਾ ਦੇ ਵਸਨੀਕ ਵਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਜਗਤਾਰ ਸਿੰਘ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਪੂਰੀ ਸਰਗਰਮੀ ਨਾਲ ਭਾਲ ਕਰਦਿਆਂ ਲੰਘੇ ਕੱਲ ਦੋਵੇਂ ਦੋਸ਼ੀਆਂ ਨੂੰ ਟੀ-ਪੁਆਇੰਟ ਨਾਮਧਾਰੀ ਸਮਾਰਕ ਖੰਨਾ ਰੋਡ ਨੇੜਿਓਂ ਕਾਬੂ ਕੀਤਾ ਗਿਆ।