ਪੰਜਾਬ ਦੀਆਂ ਜ਼ਿਮਨੀ ਚੋਣਾਂ ''ਚ ਬੇਅਦਬੀ ਮੁੱਦਾ ਫਿਰ ਉੱਠੇਗਾ!
Thursday, Oct 03, 2019 - 09:28 AM (IST)
ਲੁਧਿਆਣਾ (ਮੁੱਲਾਂਪੁਰੀ)—ਪੰਜਾਬ 'ਚ ਬਾਦਲ ਰਾਜ ਦੌਰਾਨ 2015 ਵਿਚ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ 14 ਅਕਤੂਬਰ 2015 'ਚ ਹੋਏ ਬਹਿਬਲ ਗੋਲੀ ਕਾਂਡ ਦੀ 5ਵੀਂ ਬਰਸੀ 14 ਅਕਤੂਬਰ 2019 ਨੂੰ ਹੁਣ ਬਰਗਾੜੀ ਵਿਖੇ ਵੱਖ-ਵੱਖ ਧਿਰਾਂ ਵੱਲੋਂ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਜਦੋਂਕਿ ਪੰਜਾਬ 'ਚ ਜ਼ਿਮਨੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। 14 ਅਕਤੂਬਰ ਨੂੰ ਪੰਜਾਬ 'ਚ ਚੋਣ ਪ੍ਰਚਾਰ ਸਿਖਰ 'ਤੇ ਹੋਵੇਗਾ, ਉਸ ਦਿਨ ਬਾਦਲ ਵਿਰੋਧੀ, ਪੰਥਕ ਹਿਤੈਸ਼ੀ ਅਤੇ ਧਾਰਮਕ ਰਾਜਸੀ ਆਗੂ ਬਰਗਾੜੀ ਵਿਚ ਵੱਡਾ ਇਕੱਠ ਕਰ ਕੇ ਨਵੇਂ ਪ੍ਰੋਗਰਾਮ ਦਾ ਐਲਾਨ ਵੀ ਕਰ ਸਕਦੇ ਹਨ। ਇਸ ਲਈ ਹੁਣ ਜ਼ਿਮਨੀ ਚੋਆਂ 'ਚ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦਾ ਮੁੱਦਾ ਇਕ ਵਾਰ ਫਿਰ ਸਿਰ ਚੜ੍ਹ ਕੇ ਬੋਲੇਗਾ ਅਤੇ ਆਪਣਾ ਰੰਗ ਦਿਖਾਏਗਾ। ਇਸ ਕਾਰਜ ਲਈ ਭਾਵੇਂ ਪੰਥਕ ਧਿਰ ਅਤੇ ਬਰਗਾੜੀ 'ਚ ਮੋਰਚਾ ਲਾਉਣ ਵਾਲੇ ਵੀ ਸ਼ਾਮਲ ਹੋਣਗੇ ਪਰ ਇਸ ਦੀ ਸ਼ੁਰੂਆਤ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਹੈ।
ਇਸ ਮਾਮਲੇ 'ਤੇ ਸਿਆਸੀ ਅਤੇ ਧਾਰਮਕ ਹਲਕਿਆਂ ਨੇ ਕਿਹਾ ਕਿ ਚੋਣਾਂ ਮੌਕੇ ਇਹ ਮੁੜ ਉੱਠਣ ਵਾਲਾ ਧਾਰਮਕ ਮੁੱਦਾ ਅਕਾਲੀ-ਭਾਜਪਾ ਨੂੰ ਪੁੱਠਾ ਪੈ ਸਕਦਾ ਹੈ ਅਤੇ ਇਸ ਦਾ ਸੇਕ ਹਰਿਆਣੇ ਵੀ ਜਾ ਸਕਦਾ ਹੈ। ਸ਼ਾਇਦ ਇਸੇ ਕਰ ਕੇ ਭਾਜਪਾ ਅਕਾਲੀ ਦਲ ਤੋਂ ਦੂਰ ਹੋ ਰਹੀ ਹੈ। ਇਸ ਲਈ ਧਾਰਮਕ ਮੁੱਦਾ ਇਕ ਵਾਰ ਫਿਰ ਸੁਰਖੀਆਂ ਬਣੇਗਾ ਅਤੇ ਆਪਣੇ ਰੰਗ ਦਿਖਾਏਗਾ।