ਸ਼੍ਰੋਮਣੀ ਕਮੇਟੀ ਵੱਲੋਂ ਗੁਜਰਾਤ ਅਤੇ ਰਾਜਸਥਾਨ ਲਈ ਵਿਸ਼ੇਸ਼ ਬੱਸ ਰਾਹੀਂ 250 ਪਾਵਨ ਸਰੂਪ ਰਵਾਨਾ

Wednesday, Sep 01, 2021 - 06:44 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਜਰਾਤ ਅਤੇ ਰਾਜਸਥਾਨ ਦੀਆਂ ਗੁਰਦੁਆਰਾ ਕਮੇਟੀਆਂ ਦੀ ਮੰਗ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 250 ਪਾਵਨ ਸਰੂਪ ਵਿਸ਼ੇਸ਼ ਬੱਸ ਰਾਹੀਂ ਅੱਜ ਅਰਦਾਸ ਉਪਰੰਤ ਰਵਾਨਾ ਕੀਤੇ ਗਏ। ਇਨ੍ਹਾਂ ਪਾਵਨ ਸਰੂਪਾਂ ’ਚੋਂ ਗੁਜਰਾਤ ਸਿੱਖ ਫਾਊਂਡੇਸ਼ਨ ਨੂੰ ਅਹਿਮਦਾਬਾਦ ਅਤੇ ਇਸ ਦੇ ਨਜ਼ਦੀਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ 100, ਬੜੋਦਾ ਦੇ ਗੁਰਦੁਆਰਿਆਂ ਲਈ 50 ਅਤੇ ਰਾਜਸਥਾਨ ਸੂਬੇ ਦੇ ਗੁਰਦੁਆਰਿਆਂ ਲਈ 100 ਪਾਵਨ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ’ਚ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਵੱਲੋਂ ਵੱਖ-ਵੱਖ ਸੂਬਿਆਂ ਵਿਚ ਮੰਗ ਅਨੁਸਾਰ ਪਾਵਨ ਸਰੂਪ ਭੇਜਣ ਦਾ ਫੈਸਲਾ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਨੇ ਪਾਵਨ ਸਰੂਪਾਂ ਦੀ ਰਵਾਨਗੀ ਮੌਕੇ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚੋਂ ਗੁਰਦੁਆਰਾ ਸਾਹਿਬਾਨ ਦੀ ਮੰਗ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਨੇ ਸਤਿਕਾਰ ਸਹਿਤ ਪਾਵਨ ਸਰੂਪ ਆਪ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਗੁਜਰਾਤ ਸਿੱਖ ਫਾਊਂਡੇਸ਼ਨ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕਰਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ 100 ਪਾਵਨ ਸਰੂਪਾਂ ਦੀ ਮੰਗ ਰੱਖੀ ਸੀ।

ਇਸ ਤੋਂ ਇਲਾਵਾ ਰਾਜਸਥਾਨ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਵੀ ਪਾਵਨ ਸਰੂਪਾਂ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁੱਜੀਆਂ ਮੰਗਾਂ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਪਾਸੋਂ ਰਿਪੋਰਟ ਲੈਣ ਮਗਰੋਂ ਪਾਵਨ ਸਰੂਪ ਭੇਜੇ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਹਿਮਦਾਬਾਦ ਵਿਖੇ ਗੁਜਰਾਤ ਸਿੱਖ ਫਾਊਂਡੇਸ਼ਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 4 ਅਤੇ 5 ਸਤੰਬਰ ਨੂੰ ਵੱਖ-ਵੱਖ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਮਾਗਮ ਰੱਖੇ ਗਏ ਹਨ, ਜਿਸ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਸਮਾਗਮ ਦੌਰਾਨ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੂੰ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਰਾਜਿਸਥਾਨ ਵਿਖੇ ਵੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਅਤੇ ਗੁਰਦੁਆਰਾ ਸ਼ਹੀਦ ਨਗਰ ਬੁੱਢਾ ਜੌਹੜ ਸ੍ਰੀ ਗੰਗਾਨਗਰ ਦੀ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਸਤਿਕਾਰ ਸਹਿਤ ਪਾਵਨ ਸਰੂਪ ਦਿੱਤੇ ਜਾਣਗੇ। 
 


Anuradha

Content Editor

Related News