ਲਾਸ਼ ਸੜਕ ''ਤੇ ਰੱਖ ਕੇ ਜੀ. ਟੀ. ਰੋਡ ਜਾਮ ਕਰਨ ਦੀ ਕੋਸ਼ਿਸ਼

03/14/2018 6:51:16 AM

ਰਈਆ,  (ਦਿਨੇਸ਼, ਹਰਜੀਪ੍ਰੀਤ)-  ਕੁਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਧਿਆਨਪੁਰ ਦੇ 10ਵੀਂ ਜਮਾਤ 'ਚ ਪੜ੍ਹਦੇ ਇਕ ਦਲਿਤ ਨਾਬਾਲਗ ਲੜਕੇ ਤੇ 9ਵੀਂ 'ਚ ਪੜ੍ਹਦੀ ਜਨਰਲ ਕੈਟਾਗਰੀ ਨਾਲ ਸਬੰਧਤ ਨਾਬਾਲਗ ਲੜਕੀ ਵੱਲੋਂ ਘਰੋਂ ਭੱਜ ਕੇ ਬੈਂਗਲੁਰੂ ਜਾਣ ਤੋਂ ਬਾਅਦ ਉਥੋਂ ਦੀ ਪੁਲਸ ਵੱਲੋਂ ਦੋਵਾਂ ਨੂੰ ਸ਼ੱਕੀ ਹਾਲਤ 'ਚ ਫੜੇ ਜਾਣ ਤੇ ਪ੍ਰੋਟੈਕਸ਼ਨ ਹੋਮ ਵਿਚ ਰੱਖੇ ਲੜਕੇ ਦੀ ਹੋਈ ਮੌਤ ਨੇ ਅੱਜ ਉਸ ਵਕਤ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਬੈਂਗਲੁਰੂ ਤੋਂ ਆਈ ਉਸ ਦੀ ਮ੍ਰਿਤਕ ਦੇਹ ਰਈਆ ਪੁੱਜਣ ਤੋਂ ਪਹਿਲਾਂ ਹੀ ਸੈਂਕੜਿਆਂ ਦੀ ਗਿਣਤੀ ਵਿਚ ਲੜਕੇ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਰਈਆ ਪੁੱਜ ਕੇ ਜੀ. ਟੀ. ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਥੇ ਪੁੱਜੀ ਭਾਰੀ ਪੁਲਸ ਫੋਰਸ ਵੱਲੋਂ ਜਾਮ ਲਾਉਣ ਤੋਂ ਰੋਕਣ 'ਤੇ ਬੇਕਾਬੂ ਹੋਈ ਭੀੜ ਨੂੰ ਪੁਲਸ ਨੇ ਸਖਤੀ ਨਾਲ ਤਿੱਤਰ-ਬਿੱਤਰ ਕਰ ਦਿੱਤਾ। ਇਸ ਉਪਰੰਤ ਇਥੇ ਪੁੱਜੇ ਐੱਸ. ਪੀ. (ਇਨਵੈਸਟੀਗੇਸ਼ਨ) ਹਰਪਾਲ ਸਿੰਘ ਵੱਲੋਂ ਲੜਕੇ ਦੇ ਪਰਿਵਾਰ ਨੂੰ ਬਣਦੀ ਕਾਨੂੰਨੀ ਕਾਰਵਾਈ ਦਾ ਅਜੇ ਭਰੋਸਾ ਦੇ ਕੇ ਸ਼ਾਂਤ ਕੀਤਾ ਹੀ ਸੀ ਕਿ ਉਸੇ ਸਮੇਂ ਲੜਕੇ ਦੀ ਮ੍ਰਿਤਕ ਦੇਹ ਪੁੱਜਣ ਕਾਰਨ ਭੀੜ ਇਕ ਵਾਰ ਫਿਰ ਬੇਕਾਬੂ ਹੋ ਗਈ ਪਰ ਦੂਜੀ ਵਾਰ ਫਿਰ ਪੁਲਸ ਨੇ ਸਮਝਦਾਰੀ ਦਾ ਸਬੂਤ ਦਿੰਦਿਆਂ ਸ਼ਾਂਤਮਈ ਢੰਗ ਨਾਲ ਹਾਲਾਤ 'ਤੇ ਕਾਬੂ ਪਾ ਲਿਆ।
ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 10ਵੀਂ 'ਚ ਪੜ੍ਹਦਾ ਅੰਮ੍ਰਿਤਪਾਲ ਸਿੰਘ (16) ਪੁੱਤਰ ਕੁਲਦੀਪ ਸਿੰਘ ਤੇ ਇਸੇ ਪਿੰਡ ਦੀ ਹੀ 9ਵੀਂ 'ਚ ਪੜ੍ਹਦੀ ਨਾਬਾਲਗ ਲੜਕੀ ਜੋ ਇਕੱਠੇ ਨਜ਼ਦੀਕੀ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ ਤੇ ਕਰੀਬ 15 ਦਿਨ ਪਹਿਲਾਂ ਬਿਨਾਂ ਦੱਸੇ ਬੈਂਗਲੁਰੂ ਭੱਜ ਗਏ, ਜਿਥੇ ਪੁਲਸ ਵੱਲੋਂ ਫੜੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਟੈਕਸ਼ਨ ਹੋਮ ਵਿਖੇ ਪਹੁੰਚਾ ਕੇ ਸਾਨੂੰ ਸੂਚਿਤ ਕੀਤਾ ਗਿਆ। ਇਸੇ ਦੌਰਾਨ ਪਿੰਡ ਦੇ ਇਕ ਮੋਹਤਬਰ ਨੇ ਸਾਨੂੰ ਭਰੋਸੇ ਵਿਚ ਲੈ ਕੇ ਕਿਹਾ ਕਿ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤੇ ਬੈਂਗਲੁਰੂ ਤੋਂ ਲੜਕਾ-ਲੜਕੀ ਨੂੰ ਸੁਰੱਖਿਅਤ ਵਾਪਸ ਲੈ ਆਵਾਂਗੇ ਪਰ ਉਹ ਮੋਹਤਬਰ ਵਿਅਕਤੀ ਸਾਨੂੰ ਨਾਲ ਲਿਜਾਣ ਦੀ ਬਜਾਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਬੈਂਗਲੁਰੂ ਪਹੁੰਚ ਗਿਆ ਤੇ ਇਨ੍ਹਾਂ ਦੇ ਪੁੱਜਣ ਤੋਂ ਇਕ ਦਿਨ ਬਾਅਦ ਸਾਡੇ ਲੜਕੇ ਦੀ ਮੌਤ ਹੋ ਗਈ, ਜਿਸ ਕਾਰਨ ਸਾਨੂੰ ਸ਼ੱਕ ਹੈ ਕਿ ਸਾਡੇ ਲੜਕੇ ਦੀ ਮੌਤ ਨਹੀਂ ਹੋਈ ਬਲਕਿ ਉਸ ਦੀ ਹੱਤਿਆ ਕੀਤੀ ਗਈ ਹੈ ਤੇ ਜਾਣਬੁਝ ਕੇ ਮਾਮਲਾ ਖੁਦਕੁਸ਼ੀ ਦਾ ਬਣਾ ਦਿੱਤਾ ਗਿਆ ਹੈ। ਐੱਸ. ਪੀ. ਹਰਪਾਲ ਸਿੰਘ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਉਪਰੰਤ ਲੜਕੇ ਦੀ ਮ੍ਰਿਤਕ ਦੇਹ ਨੂੰ ਦੇਰ ਸ਼ਾਮ ਉਥੋਂ ਚੁੱਕ ਕੇ ਪਿੰਡ ਧਿਆਨਪੁਰ ਲਿਜਾਇਆ ਗਿਆ।
ਇਸ ਮੌਕੇ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਲਖਵਿੰਦਰ ਸਿੰਘ ਮੱਲ, ਡੀ. ਐੱਸ. ਪੀ. ਜੰਡਿਆਲਾ ਗੁਰੂ ਜੀ. ਐੱਸ. ਸਹੋਤਾ, ਐੱਸ. ਐੱਚ. ਓ. ਬਿਆਸ ਕਿਰਨਦੀਪ ਸਿੰਘ ਸੰਧੂ, ਐੱਸ. ਐੱਚ. ਓ. ਮਹਿਤਾ ਅਮਨਦੀਪ ਸਿੰਘ ਤੇ ਚੌਕੀ ਇੰਚਾਰਜ ਰਈਆ ਆਗਿਆਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਹਾਜ਼ਰ ਸੀ।


Related News