ਪੰਚਕੂਲਾ ਦੇ ਕਾਰੋਬਾਰੀ ਨੇ ਲੁਧਿਆਣਾ ਦੇ ਹੋਟਲ 'ਚ ਕੀਤੀ ਖ਼ੁਦਕੁਸ਼ੀ, ਕਮਰੇ 'ਚੋਂ ਮਿਲਿਆ ਖ਼ੁਦਕੁਸ਼ੀ ਨੋਟ
Monday, Feb 28, 2022 - 11:02 AM (IST)
ਲੁਧਿਆਣਾ (ਰਾਜ) : ਪੰਚਕੂਲਾ ਦੇ ਇਕ ਕਾਰੋਬਾਰੀ ਨੇ ਮਹਾਨਗਰ ਦੇ ਪੰਜ ਸਿਤਾਰਾ ਹੋਟਲ ਦੇ ਕਮਰੇ ’ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਮੌਤ ਦਾ ਉਸ ਸਮੇਂ ਪਤਾ ਲੱਗਾ, ਜਦੋਂ ਹੋਟਲ ਖ਼ਾਲੀ ਕਰਨ ਦਾ ਸਮਾਂ ਹੋ ਗਿਆ ਸੀ ਅਤੇ ਕਾਰੋਬਾਰੀ ਕਮਰੇ ’ਚੋਂ ਨਹੀਂ ਨਿਕਲਿਆ। ਜਦੋਂ ਹੋਟਲ ਸਟਾਫ਼ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਕਾਰੋਬਾਰੀ ਬੇਹੋਸ਼ ਪਿਆ ਹੋਇਆ ਸੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਸੈਕਟਰ-35 ਦੇ ਰਹਿਣ ਵਾਲੇ ਮਨੀਸ਼ ਸੰਘੀ ਦੇ ਰੂਪ ’ਚ ਹੋਈ। ਪੁਲਸ ਨੂੰ ਕਮਰੇ ’ਚੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ’ਤੇ ਉਸ ਨੇ ਉਨ੍ਹਾਂ ਲੋਕਾਂ ਦੇ ਨਾਂ ਲਿਖੇ ਹੋਏ ਸਨ, ਜਿਨ੍ਹਾਂ ਨਾਲ ਉਸ ਦਾ ਲੈਣ-ਦੇਣ ਸੀ।
ਇਸ ਮਾਜਰੇ ’ਚ ਪੁਲਸ ਨੇ ਮ੍ਰਿਤਕ ਦੀ ਪਤਨੀ ਸੋਨਿਕਾ ਗੋਇਲ ਦੇ ਬਿਆਨਾਂ ’ਤੇ ਗੁਰੂਗ੍ਰਾਮ ਅਤੇ ਦਿੱਲੀ ਦੇ ਵਪਾਰੀਆਂ ਸਮੇਤ ਉਸ ਦੇ ਰਿਸ਼ਤੇਦਾਰਾਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਹੈ। ਮੁਲਜ਼ਮ ਗੁਰੂਗ੍ਰਾਮ ਦੇ ਰਹਿਣ ਵਾਲੇ ਅਰਵਿੰਦਰ ਸਿੰਘ, ਉਸ ਦੀ ਪਤਨੀ ਨਤਾਸ਼ਾ, ਦਿੱਲੀ ਦੇ ਰਹਿਣ ਵਾਲੇ ਰਾਮ ਨਿਵਾਸ ਬਾਂਸਲ, ਆਂਧਰ ਪ੍ਰਦੇਸ਼ ਦੇ ਰਹਿਣ ਵਾਲੇ ਬੋਮੀਨਨੀ ਰਾਮਨ ਜੇਨੇਲੂ, ਯਮੁਨਾ ਨਗਰ ਦੇ ਰਾਜੇਸ਼ ਡਾਗਾ, ਨਰਿੰਦਰ ਗੁਲਾਟੀ, ਸੰਦੀਪ ਦੀਵਾਨ, ਕਮਲ ਸਿਸੋਦੀਆ, ਰਾਜੀਵ ਸੰਘੀ, ਸ਼ਾਲਿਨੀ ਸੰਘੀ, ਆਕਾਸ਼ ਸੰਘੀ ਅਤੇ ਉਮੰਗ ਸੰਘੀ ਹਨ। ਪੁਲਸ ਸ਼ਿਕਾਇਤ ’ਚ ਸੋਨਿਕਾ ਗੋਇਲ ਨੇ ਦੱਸਿਆ ਕਿ ਉਸ ਦੇ ਪਤੀ ਦਾ ਪਾਈਪ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੁੱਖ ਸੈਰ-ਸਪਾਟਾ ਥਾਵਾਂ ਲਈ ਹੁਣ ਆਨਲਾਈਨ ਕਰੋ ਬੁਕਿੰਗ, ਪਲੇਅ ਸਟੋਰ 'ਤੇ ਮੁਹੱਈਆ ਹੋਈ ਐਪ
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪਾਈਪ ਦੀ ਸਪਲਾਈ ਹੁੰਦੀ ਸੀ। ਮੁਲਜ਼ਮਾਂ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਬਿਜ਼ਨੈੱਸ ਸੀ ਪਰ ਕਾਫ਼ੀ ਸਮੇਂ ਤੋਂ ਮੁਲਜ਼ਮ ਪੈਸੇ ਨਹੀਂ ਦੇ ਰਹੇ ਸਨ। ਉਸ ਦੇ ਪਤੀ ਮੁਲਜ਼ਮਾਂ ਤੋਂ ਪੈਸੇ ਮੰਗ ਰਹੇ ਸਨ ਅਤੇ ਮੁਲਜ਼ਮ ਅੱਗੋਂ ਧਮਕੀਆਂ ਦੇ ਕੇ ਭਜਾ ਦਿੰਦੇ ਸਨ, ਜਿਸ ਕਾਰਨ ਉਸ ਦੇ ਪਤੀ ਪਰੇਸ਼ਾਨ ਸਨ। ਸੋਨਿਕਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਮਨੀਸ਼ 21 ਫਰਵਰੀ ਨੂੰ ਪੰਚਕੂਲਾ ਤੋਂ ਟੂਰ ਲਈ ਨਿਕਲੇ ਸਨ ਅਤੇ ਅੰਮ੍ਰਿਤਸਰ ਜਾ ਕੇ ਲੁਧਿਆਣਾ-ਫਿਰੋਜ਼ਪੁਰ ਦੇ ਇਕ ਪੰਜ ਸਿਤਾਰਾ ਹੋਟਲ ’ਚ ਰੁਕੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਤੇ ਨਵੀਂ ਬਣ ਰਹੀ ਸਰਕਾਰ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਜਾਣੋ ਪੂਰਾ ਮਾਮਲਾ
ਪੁਲਸ ਦਾ ਕਹਿਣਾ ਹੈ ਕਿ 25 ਫਰਵਰੀ ਦੀ ਦੁਪਹਿਰ ਨੂੰ ਮਨੀਸ਼ ਨੇ 2 ਵਜੇ ਹੋਟਲ ਦਾ ਕਮਰਾ ਖ਼ਾਲੀ ਕਰਨਾ ਸੀ। 5 ਵਜੇ ਤੱਕ ਉਹ ਕਮਰੇ ਤੋਂ ਬਾਹਰ ਨਾ ਨਿਕਲੇ ਤਾਂ ਹੋਟਲ ਦੀ ਟੀਮ ਉਨ੍ਹਾਂ ਨੂੰ ਦੇਖਣ ਲਈ ਗਈ ਤਾਂ ਅੰਦਰ ਉਹ ਬੇਹੋਸ਼ ਸੀ। ਪੁਲਸ ਨਾਲ ਗੱਲ ਕਰਨ ਤੋਂ ਬਾਅਦ ਹੋਟਲ ਮੁਲਾਜ਼ਮ ਉਸ ਨੂੰ ਹਸਪਤਾਲ ਲੈ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ 3 ਡਾਕਟਰਾਂ ਦੇ ਬੋਰਡ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਹੈ, ਜਿਸ ਤੋਂ ਬਾਅਦ ਵਿਸਰਾ ਜਾਂਚ ਲਈ ਭੇਜਿਆ ਹੈ। ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਮੁਲਜ਼ਮਾਂ ਨੂੰ ਫੜ੍ਹਨ ਲਈ ਟੀਮ ਬਣਾਈ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ