ਪੁਲਸ ਵੱਲੋਂ ਨੌਜਵਾਨਾਂ ਦੀ ਕੁੱਟਮਾਰ ਦੇ ਰੋਸ ਵਜੋਂ ਵਪਾਰਕ ਸੰਗਠਨਾਂ ਨੇ ਘੇਰਿਆ ਥਾਣਾ, 3 ASI ਮੁਅੱਤਲ

Saturday, Jul 16, 2022 - 02:19 AM (IST)

ਪੁਲਸ ਵੱਲੋਂ ਨੌਜਵਾਨਾਂ ਦੀ ਕੁੱਟਮਾਰ ਦੇ ਰੋਸ ਵਜੋਂ ਵਪਾਰਕ ਸੰਗਠਨਾਂ ਨੇ ਘੇਰਿਆ ਥਾਣਾ, 3 ASI ਮੁਅੱਤਲ

ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਸਿਟੀ ਗੁਰਦਾਸਪੁਰ ਦੇ ਪੁਲਸ ਅਧਿਕਾਰੀਆਂ ’ਤੇ ਅੱਜ 2 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ਲਾ ਕੇ ਵਪਾਰਕ ਸੰਗਠਨਾਂ ਨੇ ਥਾਣੇ ਦਾ ਘਿਰਾਓ ਕੀਤਾ। ਇਸ ਤਹਿਤ ਪੁਲਸ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ 3 ਸਹਾਇਕ ਪੁਲਸ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਨੌਜਵਾਨਾਂ ਦੇ ਹੱਕ 'ਚ ਆਏ ਸੰਗਠਨ ਇਸ ਗੱਲ ’ਤੇ ਅੜੇ ਰਹੇ ਕਿ ਮੁਅੱਤਲ ਕੀਤੇ ਉਕਤ ਅਧਿਕਾਰੀਆਂ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ਤੇ ਨਾਲ ਹੀ ਥਾਣਾ ਮੁਖੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ 2 ਨੌਜਵਾਨਾਂ ਖ਼ਿਲਾਫ਼ ਕੋਈ ਵੀ ਪਰਚਾ ਦਰਜ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਚੁੱਕ ਲਿਆ ਅਤੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਕਤ ਦੋਵਾਂ ਨੌਜਵਾਨਾਂ ਦੀ ਕੁੱਟਮਾਰ ਤੋਂ ਬਾਅਦ ਜਦੋਂ ਪੁਲਸ ਨੇ ਛੱਡ ਦਿੱਤਾ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਸੁਰਖੀਆਂ ’ਚ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦਾ ਕਾਰਨਾਮਾ, ਜਿਸ ਨੇ ਵੀ ਦੇਖਿਆ ਰਹਿ ਗਿਆ ਹੈਰਾਨ

ਆਗੂਆਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ’ਤੇ ਨਾ ਤਾਂ ਕੋਈ ਮਾਮਲਾ ਦਰਜ ਹੈ ਤੇ ਨਾ ਹੀ ਇਨ੍ਹਾਂ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਹੈ। ਸਿਵਲ ਹਸਪਤਾਲ 'ਚ ਇਲਾਜ ਅਧੀਨ ਦਾਖਲ ਨੌਜਵਾਨ ਮੁਕੇਸ਼ ਮਹਾਜਨ ਵਾਸੀ ਬਹਿਰਾਮਪੁਰ ਰੋਡ ਅਤੇ ਕੁਸ਼ਾਲ ਵਾਸੀ ਬਾਜਵਾ ਕਾਲੋਨੀ ਨੇ ਦੱਸਿਆ ਕਿ ਕੁਸ਼ਾਲ ਨੇ ਨਵਾਂ ਆਈਫੋਨ ਲਿਆ ਸੀ ਤੇ ਉਹ ਆਪਣੇ ਇਕ ਹੋਰ ਦੋਸਤ ਦੇ ਘਰ ਪਿੰਡ ਹੱਲਾ ਵਿਖੇ ਚਾਹ ਪਾਰਟੀ ਦੇ ਰਿਹਾ ਸੀ। ਇੰਨੇ ਨੂੰ ਉੱਥੇ ਥਾਣਾ ਸਿਟੀ ਗੁਰਦਾਸਪੁਰ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਤੇ 3 ਹੋਰ ਏ. ਐੱਸ. ਆਈ. ਕਸ਼ਮੀਰ ਸਿੰਘ, ਸਤਪਾਲ ਅਤੇ ਹਰਜੀਤ ਸਿੰਘ ਆ ਗਏ ਤੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੋਸਤ ਤਾਂ ਉੱਥੋਂ ਭੱਜ ਗਏ ਪਰ ਪੁਲਸ ਅਧਿਕਾਰੀਆਂ ਨੇ ਕੁਸ਼ਾਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁਝ ਦੇਰ ਬਾਅਦ ਹੀ ਮੁਕੇਸ਼ ਮਹਾਜਨ ਨੂੰ ਵੀ ਉਸ ਦੀ ਦੁਕਾਨ ਦੇ ਨੇੜਿਓਂ ਫੜ ਕੇ ਏ. ਐੱਸ. ਆਈ. ਕਸ਼ਮੀਰ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਕਿਸੇ ਅਣਪਛਾਤੀ ਥਾਂ ’ਤੇ ਲੈ ਗਏ। ਮੁਕੇਸ਼ ਅਨੁਸਾਰ ਇਸ ਦੌਰਾਨ ਉਸ ਦੀਆਂ ਅੱਖਾਂ 'ਤੇ ਕਾਲਾ ਤੌਲੀਆ ਬੰਨ੍ਹ ਦਿੱਤਾ ਗਿਆ ਸੀ। ਇਕ ਕੁਆਰਟਰ ਵਰਗੀ ਜਗ੍ਹੀ 'ਚ ਅੱਖਾਂ ਤੋਂ ਤੌਲੀਆ ਖੋਲ੍ਹ ਦਿੱਤਾ ਤੇ ਪੁਲਸ ਅਧਿਕਾਰੀਆਂ ਨੇ ਬਿਨਾਂ ਕੁਝ ਪੁੱਛੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਸਿਵਲ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਨੌਜਵਾਨਾਂ ਵੱਲੋਂ ਦੱਸੀ ਗਈ ਉਕਤ ਜਾਣਕਾਰੀ ਤੋਂ ਬਾਅਦ ਵਪਾਰਕ ਸੰਗਠਨਾਂ ਨੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਪਰ ਕਾਰਵਾਈ ਨਾ ਹੋਣ 'ਤੇ ਥਾਣੇ ਦਾ ਘਿਰਾਓ ਕਰ ਦਿੱਤਾ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਨਾਂ ਖਾਤਾ ਖੁਲ੍ਹਵਾਉਣ ਵਾਲੇ ਚੜ੍ਹੇ ਪੁਲਸ ਹੱਥੇ, ਮਿਲਿਆ ਰਿਮਾਂਡ, ਹੋ ਸਕਦੇ ਨੇ ਵੱਡੇ ਖੁਲਾਸੇ

ਇਸ ਸਬੰਧੀ ਜਦੋਂ ਡੀ. ਐੱਸ. ਪੀ. ਸਿਟੀ ਰਿਪੁਤਪਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਏ. ਐੱਸ. ਆਈ. ਕਸ਼ਮੀਰ ਸਿੰਘ, ਏ. ਐੱਸ. ਆਈ. ਸਤਪਾਲ ਸਿੰਘ ਅਤੇ ਏ. ਐੱਸ. ਆਈ. ਹਰਜੀਤ ਸਿੰਘ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦਿਆਂ ਤਿੰਨਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਤਿੰਨਾਂ ਖ਼ਿਲਾਫ਼ ਜਾਂਚ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ ਪਰ ਇਹ ਸਾਰਾ ਕੁਝ ਜਾਂਚ 'ਚ ਸਪੱਸ਼ਟ ਹੋਵੇਗਾ ਕਿ ਕੌਣ ਕਸੂਰਵਾਰ ਹੈ।

ਇਹ ਵੀ ਪੜ੍ਹੋ : ਲੋਕਾਂ ਨੇ ਸੜਕ 'ਤੇ ਖੜ੍ਹੇ ਗੰਦੇ ਪਾਣੀ ’ਚ ਝੋਨਾ ਲਾ ਕੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਵਿਰੁੱਧ ਕੀਤੀ ਨਾਅਰੇਬਾਜ਼ੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News