ਬੱਸ ਸਟੈਂਡ ਤੋਂ ਕੈਸ਼ ਵਾਲਾ ਬੈਗ ਖੋਹ ਕੇ ਲੁਟੇਰੇ ਫਰਾਰ
Monday, Nov 12, 2018 - 06:37 PM (IST)
ਫ਼ਿਰੋਜ਼ਪੁਰ (ਕੁਮਾਰ) : 3 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਬੱਸ ਸਟੈਂਡ ਤੋਂ ਅੱਡਾ ਇੰਚਾਰਜ ਐਡਵਾਂਸ ਬੂਕਿੰਗ ਦਾ ਕੈਸ਼ ਵਾਲਾ ਬੈਗ ਚੋਰੀ ਕਰਕੇ ਫਰਾਰ ਹੋ ਜਾਣ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੇ ਸਬ ਇੰਸਪੈਕਟਰ ਪ੍ਰਗਟ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਦਸ਼ਮੇਸ਼ ਨਗਰ ਫਰੀਦਕੋਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਉਂਦੇ ਦੱਸਿਆ ਕਿ ਉਹ ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡਾ ਵਿਖੇ ਸਬ ਇੰਸਪੈਕਟਰ ਡਿਊਟੀ ਕਰਦਾ ਹੈ ਅਤੇ ਬੀਤੀ 10 ਨਵੰਬਰ ਦੀ ਸ਼ਾਮ ਨੂੰ ਐਡਵਾਂਸ ਟਿਕਟਾਂ ਕੱਟ ਕੇ ਆਪਣਾ ਕੈਸ਼ ਵਾਲਾ ਬੈਗ ਰੱਖ ਕੇ ਦੂਜੀ ਬੱਸ ਨੂੰ ਲਗਵਾ ਰਿਹਾ ਸੀ ਤਾਂ ਪਿਛੋਂ 3 ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ। ਉਸ ਦਾ ਕੈਸ਼ ਵਾਲਾ ਬੈਗ ਜਿਸ ਵਿਚ 25 ਹਜ਼ਾਰ ਰੁਪਏ ਸਨ, ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।