ਬੱਸ ਸਟੈਂਡ ਨੇੜੇ ਗੈਰ ਕਾਨੂੰਨੀ ਨਿਰਮਾਣ ਢਾਹੁਣ ਗਈ ਨਿਗਮ ਟੀਮ ਦਾ ਵਿਰੋਧ (ਵੀਡੀਓ)

Saturday, Jun 16, 2018 - 01:46 PM (IST)

ਜਲੰਧਰ (ਖੁਰਾਣਾ)— ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਬੱਸ ਸਟੈਂਡ ਦੇ ਨੇੜੇ ਗੈਰ ਕਾਨੂੰਨੀ ਰੂਪ ਨਾਲ ਬਣੀਆਂ ਦਰਜ਼ਨਾਂ ਦੁਕਾਨਾਂ 'ਤੇ ਕਾਰਵਾਈ ਕਰਦੇ ਹੋਏ ਢਾਹ ਦਿੱਤਾ ਪਰ ਦੁਕਾਨਦਾਰਾਂ ਵੱਲੋਂ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਸ਼ਨੀਵਾਰ ਰੋਡਵੇਜ਼ ਵਰਕਸ਼ਾਪ ਨੇੜੇ ਨਾਜਾਇਜ਼ ਤੌਰ 'ਤੇ ਬਣਾਈਆਂ ਜਾ ਰਹੀਆਂ 15 'ਚੋਂ 5 ਦੁਕਾਨਾਂ ਨੂੰ ਤੋੜ ਦਿੱਤਾ ਅਤੇ ਬਾਕੀ 10 ਦੁਕਾਨਾਂ ਨੂੰ ਸੀਲ ਕਰ ਦਿੱਤਾ। ਕਾਰਵਾਈ ਕਈ ਘੰਟੇ ਚੱਲੀ, ਜਿਸ ਦੌਰਾਨ 2 ਡਿੱਚ ਮਸ਼ੀਨਾਂ ਨੇ ਪੂਰੀ ਮਾਰਕੀਟ ਦੇ ਲੈਂਟਰ ਨੂੰ ਹਿਲਾ ਦਿੱਤਾ ਅਤੇ ਤਿਆਰ ਹੋ ਚੁੱਕੀਆਂ ਦੁਕਾਨਾਂ ਨੂੰ ਮਲੀਆਮੇਟ ਕਰ ਦਿੱਤਾ। ਮਾਰਕੀਟ 'ਚ ਬਣੀਆਂ 10 ਦੁਕਾਨਾਂ ਨੂੰ ਇਸ ਲਈ ਨਹੀਂ ਡੇਗਿਆ ਜਾ ਸਕਿਆ ਕਿਉਂਕਿ ਉਥੇ ਡਿੱਚ ਪਹੁੰਚ ਨਹੀਂ ਸਕੀ ਅਤੇ ਕੁਝ ਦੁਕਾਨਾਂ ਡੇਗੇ ਜਾਣ ਕਾਰਨ ਆਲੇ-ਦੁਆਲੇ ਦੀਆਂ ਬਿਲਡਿੰਗਾਂ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਦੋ ਮੰਜ਼ਿਲਾ ਬਣੀ ਮਾਰਕੀਟ ਨੂੰ ਨਹੀਂ ਛੇੜਿਆ ਗਿਆ।
ਖੂਬ ਹੰਗਾਮਾ ਹੋਇਆ ਪਰ ਨਹੀਂ ਰੁਕੀ ਕਾਰਵਾਈ
ਬੱਸ ਸਟੈਂਡ ਦੇ ਨੇੜੇ ਨਾਜਾਇਜ਼ ਦੁਕਾਨਾਂ ਬਣਾਉਣ ਵਾਲਿਆਂ ਨੂੰ ਕਾਰਵਾਈ ਦੀ ਪਹਿਲਾਂ ਹੀ ਭਿਣਕ ਲੱਗ ਗਈ ਸੀ, ਜਿਸ ਕਾਰਨ ਸਾਰੇ ਦੁਕਾਨਦਾਰ ਉੱਥੇ ਹੀ ਇਕੱਠੇ ਹੋ ਗਏ। ਜਿਵੇਂ ਹੀ ਨਿਗਮ ਦੀ ਡਿੱਚ ਮਸ਼ੀਨ ਉਥੇ ਪਹੁੰਚੀ ਤਾਂ ਦੁਕਾਨਕਾਰਾਂ ਨੇ ਹੰਗਾਮਾ ਕਰਨਾ ਸ਼ੁਰੂ  ਕਰ ਦਿੱਤਾ ਅਤੇ ਕਾਰਵਾਈ ਦਾ ਵਿਰੋਧ ਕੀਤਾ। ਇਕ ਨੌਜਵਾਨ ਦੀ ਤਾਂ ਪੁਲਸ ਨਾਲ ਹੱਥੋਪਾਈ ਹੋਈ। ਦੁਕਾਨਦਾਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਪਰ ਨਿਗਮ ਟੀਮ ਨੇ ਇਕ ਨਾ ਸੁਣੀ ਤੇ ਪੁਲਸ ਨੇ ਸਾਰਿਆਂ ਨੂੰ ਖਦੇੜ ਦਿੱਤਾ।
ਨਾਜਾਇਜ਼ ਮਾਰਕੀਟ ਬਣਾਉਣ ਵਾਲੇ ਇਕ ਰਿਟਾਇਰਡ ਅਧਿਕਾਰੀ ਨੇ ਤਰਕ ਦਿੱਤਾ ਹੈ ਕਿ ਉਸ ਨੇ ਇਨ੍ਹਾਂ ਦੁਕਾਨਾਂ ਦਾ ਪ੍ਰਾਪਰਟੀ ਟੈਕਸ ਵੀ ਜਮ੍ਹਾ ਕਰਵਾ ਕੇ ਰੱਖਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਦੁਕਾਨਾਂ ਮਾਰਚ ਮਹੀਨੇ ਤੋਂ ਪਹਿਲਾਂ ਹੀ ਬਣੀਆਂ ਹੋਈਆਂ ਹਨ। ਇਕ ਪਾਸੇ ਮੰਤਰੀ ਨਵਜੋਤ ਸਿੰਘ ਸਿੱਧੂ ਇਹ ਐਲਾਨ ਕਰ ਰਹੇ ਹਨ ਕਿ ਵਨ ਟਾਈਮ ਸੈਟਲਮੈਂਟ ਪਾਲਿਸੀ ਦੇ ਤਹਿਤ ਉਨ੍ਹਾਂ ਨਿਰਮਾਣਾਂ ਨੂੰ ਨਹੀਂ ਡੇਗਿਆ ਜਾਵੇਗਾ ਜੋ 31 ਮਾਰਚ ਤੋਂ ਪਹਿਲਾਂ ਬਣੀਆਂ ਹਨ। ਇਨ੍ਹਾਂ ਦੁਕਾਨਾਂ ਨੂੰ ਪਾਲਿਸੀ ਦੇ ਤਹਿਤ ਰੈਗੂਲਰਾਈਜ਼ ਕੀਤਾ ਜਾ ਸਕਦਾ ਹੈ ਅਤੇ ਉਹ ਪੈਸੇ ਜਮ੍ਹਾ ਕਰਵਾਉਣ ਲਈ ਤਿਆਰ ਹਨ। ਨਿਗਮ ਟੀਮ ਨਾਲ ਵਾਰ-ਵਾਰ ਗੱਲ ਕਰਨ ਦੇ ਬਾਵਜੂਦ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਡਿੱਚ ਮਸ਼ੀਨਾਂ ਨੇ ਕਾਰਵਾਈ ਜਾਰੀ ਰੱਖੀ।

PunjabKesari

ਨਿਰਮਾਣ ਚਾਹੇ ਨਾਜਾਇਜ਼ ਸਨ ਪਰ ਸੀ ਬਹੁਤ ਪੱਕੇ
ਦੋਆਬਾ ਮਾਰਕੀਟ 'ਚ ਜਿਨ੍ਹਾਂ 15 ਦੁਕਾਨਾਂ ਦਾ ਨਿਰਮਾਣ ਹੋਇਆ ਸੀ, ਉਹ ਨਿਰਮਾਣ ਚਾਹੇ ਨਾਜਾਇਜ਼ ਸਨ ਪਰ ਸੀ ਬਹੁਤ ਪੱਕੇ। ਨਿਗਮ ਦੀਆਂ ਦੋ ਡਿੱਚ ਮਸ਼ੀਨਾਂ ਨੂੰ ਇਹ ਨਾਜਾਇਜ਼ ਨਿਰਮਾਣ ਤੋੜਨ ਵਿਚ ਘੰਟਿਆਂਬੱਧੀ ਮੁਸ਼ੱਕਤ ਕਰਨੀ ਪਈ। ਇੰਨਾ ਪੱਕਾ ਨਿਰਮਾਣ ਦੇਖ ਕੇ ਖੁਦ ਨਿਗਮ ਅਧਿਕਾਰੀ ਹੈਰਾਨ ਸਨ।

PunjabKesari
ਪੂਰੇ ਖੇਤਰ ਵਿਚ ਅੰਨ੍ਹੇ ਕਾਨੂੰਨ ਜਿਹਾ ਰਾਜ
ਬੱਸ ਸਟੈਂਡ ਦੇ ਸਾਹਮਣੇ ਰੋਡਵੇਜ਼ ਦੀ ਵਰਕਸ਼ਾਪ ਦੇ ਨੇੜੇ ਉਂਝ ਤਾਂ ਇਹ ਮਾਰਕੀਟ ਹਕੀਮਾਂ-ਵੈਦਾਂ ਲਈ ਜਾਣੀ ਜਾਂਦੀ ਸੀ ਪਰ ਮਾਰਕੀਟ ਦੇ ਅੰਦਰ ਜਿਸ ਤਰ੍ਹਾਂ 6-6 ਮੰਜ਼ਿਲਾ ਬਿਲਡਿੰਗਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿਉਂਕਿ 15-20 ਫੁੱਟ ਚੌੜੀ ਸੜਕ 'ਤੇ ਕਮਰਸ਼ੀਅਲ ਨਿਰਮਾਣ ਦਾ ਹੁਕਮ ਨਿਗਮ ਨਹੀਂ ਦੇ ਸਕਦਾ। ਇਸ ਤਰ੍ਹਾਂ ਉੱਥੇ ਜ਼ਿਆਦਾਤਰ ਨਿਰਮਾਣ ਨਾਜਾਇਜ਼ ਦਿਖਾਈ ਦੇ ਰਹੇ ਸਨ। ਜੇਕਰ ਇਨ੍ਹਾਂ ਦਰਜਨਾਂ ਮਲਟੀ ਸਟੋਰੀ ਬਿਲਡਿੰਗਾਂ ਦੀ ਸਰਕਾਰੀ ਫੀਸ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਹੁੰਦੀ ਹੈ ਤਾਂ ਕਰੋੜਾਂ ਰੁਪਏ ਨਿਗਮ ਕੋਲ ਹੁੰਦੇ ਪਰ ਹਾਲਾਤ ਦੇਖ ਕੇ ਲੱਗ ਰਿਹਾ ਸੀ ਕਿ ਇਨ੍ਹਾਂ ਬਿਲਡਿੰਗਾਂ ਦੇ ਨਿਰਮਾਣ ਵਿਚ ਕਰੋੜਾਂ ਦੀ ਰਿਸ਼ਵਤ ਨਿਗਮ ਅਧਿਕਾਰੀਆਂ ਦੀਆਂ ਜੇਬਾਂ 'ਚ ਪਈ ਹੈ। ਹੁਣ ਵੀ ਜੇਕਰ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਖੇਤਰ ਦੀਆਂ ਬਾਕੀ ਬਿਲਡਿੰਗਾਂ ਦੇ ਰਿਕਾਰਡ ਦੀ ਜਾਂਚ ਕਰਨ ਤਾਂ ਨਿਗਮ ਦਾ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਇਸ ਖੇਤਰ ਵਿਚ ਹਾਲੇ ਕਈ ਨਾਜਾਇਜ਼ ਨਿਰਮਾਣ ਚੱਲ ਰਹੇ ਹਨ, ਜਿਨ੍ਹਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ।

PunjabKesari

ਮਲਟੀ ਸਟੋਰੀ ਬਿਲਡਿੰਗ ਦੇ ਸਿਰਫ ਸ਼ਟਰ ਤੋੜੇ
ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੁਕਮਾਂ 'ਤੇ ਨਗਰ ਨਿਗਮ ਦੀ ਟੀਮ ਨੇ ਬੱਸ ਸਟੈਂਡ ਤੋਂ ਬਾਅਦ ਦੂਜੀ ਕਾਰਵਾਈ ਗ੍ਰੀਨ ਮਾਡਲ ਟਾਊਨ ਚੌਕ ਤੋਂ ਹਾਊਸਿੰਗ ਬੋਰਡ ਕਾਲੋਨੀ ਵੱਲ ਜਾਂਦੀ ਸੜਕ 'ਤੇ ਕੀਤੀ, ਜਿੱਥੇ ਨਾਜਾਇਜ਼ ਤੌਰ 'ਤੇ ਮਲਟੀ ਸਟੋਰੀ ਬਿਲਡਿੰਗ ਖੜ੍ਹੀ ਕਰ ਲਈ ਸੀ। ਸ਼ਿਕਾਇਤਾਂ ਦੇ ਬਾਵਜੂਦ ਬਿਲਡਿੰਗ 'ਤੇ ਕੋਈ ਕਾਰਵਾਈ ਨਾ ਹੋਣ ਕਾਰਨ ਸਿੱਧੂ ਨੇ ਖੁਦ ਇਸ ਬਿਲਡਿੰਗ 'ਤੇ ਦਸਤਕ ਦਿੱਤੀ ਸੀ ਅਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ। ਨਿਗਮ ਟੀਮ ਨੇ ਇਸ ਬਿਲਡਿੰਗ ਦੇ ਸ਼ਟਰ ਤੋੜੇ ਤੇ ਜ਼ਿਆਦਾ ਕਾਰਵਾਈ ਨਹੀਂ ਕੀਤੀ।

PunjabKesari

ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਨਗਰ ਨਿਗਮ ਦੀ ਟੀਮ ਸ਼ਹਿਰ 'ਚ ਫਿਰ ਤੋਂ ਡਿੱਚ ਲੈ ਕੇ ਨਿਕਲੇਗੀ ਅਤੇ ਬਾਕੀ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ 'ਤੇ ਕਾਰਵਾਈ ਕੀਤੀ ਜਾਵੇਗੀ।

PunjabKesari

ਪਾਪਾ ਵਿਸਕੀ ਅਤੇ ਬਰੂ ਮਾਸਟਰ ਨੂੰ ਵੀ ਸੀਲ ਕਰਨ ਦੀ ਸੰਭਾਵਨਾ 
ਡਿੱਚ ਮਸ਼ੀਨਾਂ ਨੂੰ ਨਿਗਮ ਵੱਲੋਂ ਬੁਲਾਇਆ ਗਿਆ ਹੈ। ਇਸ ਦੇ ਇਲਾਵਾ ਕਈ ਹੋਰ ਇਲਾਕਿਆਂ 'ਚ ਵੀ ਕਾਰਵਾਈ ਹੋਣ ਜਾ ਰਹੀ ਹੈ। ਵਿਧਾਇਕ ਸੁਸ਼ੀਲ ਰਿੰਕੂ ਅਤੇ ਬੇਰੀ ਅੱਜ ਵੀ ਕਾਰਵਾਈ ਦਾ ਵਿਰੋਧ ਕਰ ਸਕਦੇ ਹਨ। ਵਿਧਾਇਕ ਬਾਵਾ ਹੈਨਰੀ ਦਾ ਪੱਥ ਸਪੱਸ਼ਟ ਨਹੀਂ ਹੋ ਰਿਹਾ ਕਿ ਉਹ ਕੀ ਸਟੈਂਡ ਲੈਣਗੇ। ਵਿਧਾਇਕ ਪਰਗਟ ਸਿੰਘ ਆਪਣੇ ਹਲਕੇ 'ਚ ਕਾਰਵਾਈ ਰੋਕ ਨਹੀਂ ਰਹੇ ਹਨ। ਕੁਝ ਦੇਰ ਬਾਅਦ ਮਾਡਲ ਟਾਊਨ ਸਥਿਤ ਪਾਪਾ ਵਿਸਕੀ ਅਤੇ ਬਰੂ ਮਾਸਟਰ ਨੂੰ ਵੀ ਸੀਲ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। 


Related News