ਬੱਸ ਸਟੈਂਡ ''ਤੇ ਨਿੱਜੀ ਬੱਸ ਵਾਲਿਆਂ ਦੀਆਂ ਮਨਮਰਜ਼ੀਆਂ ਦਾ ਸ਼ਿਕਾਰ ਹੋ ਰਹੇ ਨੇ ਯਾਤਰੀ

Monday, Nov 18, 2019 - 04:35 PM (IST)

ਬੱਸ ਸਟੈਂਡ ''ਤੇ ਨਿੱਜੀ ਬੱਸ ਵਾਲਿਆਂ ਦੀਆਂ ਮਨਮਰਜ਼ੀਆਂ ਦਾ ਸ਼ਿਕਾਰ ਹੋ ਰਹੇ ਨੇ ਯਾਤਰੀ

ਲੁਧਿਆਣਾ (ਮੋਹਿਨੀ) : ਅੰਤਰਰਾਜੀ ਬੱਸ ਸਟੈਂਡ ਤੋਂ ਚੱਲਣ ਵਾਲੀਆਂ ਨਿੱਜੀ ਬੱਸਾਂ ਦੇ ਸੰਚਾਲਕਾਂ ਨੇ ਆਪਣੀ ਧਾਕ ਪੂਰੀ ਤਰ੍ਹਾਂ ਜਮਾਈ ਹੋਈ ਹੈ। ਭਾਵੇਂ ਉਹ ਕਾਊਂਟਰ 'ਤੇ ਕਿੰਨੀ ਦੇਰ ਤੱਕ ਰੁਕ ਕੇ ਆਪਣੀਆਂ ਸਵਾਰੀਆਂ ਭਰ ਲੈਣ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਜਦਕਿ ਇਹ ਸਾਰੀ ਜ਼ਿੰਮੇਵਾਰੀ ਸਟੇਸ਼ਨ ਸੁਪਰਵਾਈਜ਼ਰ ਦੀ ਹੁੰਦੀ ਹੈ ਪਰ ਡਿਪੂ ਦੇ ਅਧਿਕਾਰੀ ਚੁੱਪ ਧਾਰੀ ਬੈਠੇ ਹਨ। ਲੋਕਲ ਰੂਟ ਦੀਆਂ ਬੱਸਾਂ, ਜੋ ਸ਼ਰੇਆਮ ਬੱਸ ਸਟੈਂਡ 'ਤੇ ਲੰਮੇ ਰੂਟ ਦੀਆਂ ਸਵਾਰੀਆਂ ਨੂੰ ਬਿਠਾਉਣ ਦੇ ਕਈ ਤਰ੍ਹਾਂ ਦੇ ਸਬਜਬਾਗ ਦਿਖਾਉਂਦੇ ਹਨ ਅਤੇ ਬੱਸ ਦੇ ਫਰੰਟ ਸ਼ੀਸ਼ੇ ਦੇ ਕੋਲ ਦਿੱਲੀ, ਅੰਬਾਲਾ ਆਦਿ ਦੇ ਬੋਰਡ (ਤਖਤੀ) ਲਾ ਕੇ ਯਾਤਰੀਆਂ ਨੂੰ ਗੁੰਮਰਾਹ ਕਰਨ ਤੋਂ ਵੀ ਨਹੀਂ ਡਰਦੇ ਕਿਉਂਕਿ ਨਿੱਜੀ ਬੱਸ ਵਾਲਿਆਂ ਕੋਲ ਜ਼ਿਆਦਾਤਰ ਰਾਜਪੁਰਾ ਅਤੇ ਖੰਨਾ ਤੱਕ ਦੇ ਪਰਮਿਟ ਹੁੰਦੇ ਹਨ ਪਰ ਬੱਸ ਕੰਡਕਟਰ ਅਤੇ ਉਨ੍ਹਾਂ ਦੇ ਕਰਿੰਦੇ ਦਿੱਲੀ ਤੱਕ ਲੈ ਜਾਣ ਦੇ ਬਹਾਨੇ ਸਵਾਰੀਆਂ ਨੂੰ ਆਪਣੀਆਂ ਗੱਡੀਆਂ ਵਿਚ ਬਿਠਾ ਲੈਂਦੇ ਹਨ ਅਤੇ ਰਾਜਪੁਰਾ ਤੱਕ ਕੋਈ ਬਹਾਨਾ ਬਣਾ ਕੇ ਪਿੱਛੋਂ ਆਉਣ ਵਾਲੀ ਕੋਈ ਰੋਡਵੇਜ਼ ਜਾਂ ਹੋਰ ਬੱਸ ਵਿਚ ਬਿਠਾ ਦਿੰਦੇ ਹਨ, ਜਿਸ ਨਾਲ ਯਾਤਰੀਆਂ ਦੇ ਸਮੇਂ ਅਤੇ ਉਨ੍ਹਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨਾਲ ਵੀ ਜੂਝਣਾ ਪੈਂਦਾ ਹੈ, ਜੇਕਰ ਕੋਈ ਯਾਤਰੀ ਨਿੱਜੀ ਬੱਸ ਚਾਲਕ ਜਾਂ ਕੰਡਕਟਰ ਨਾਲ ਬਹਿਸ ਕਰਦਾ ਹੈ ਤਾਂ ਉਸ ਦੇ ਸਾਮਾਨ ਤੱਕ ਨੂੰ ਬੱਸ ਤੋਂ ਹੇਠਾਂ ਸੁੱਟ ਦਿੰਦੇ ਹਨ ਅਤੇ ਝਗੜਨਾ ਸ਼ੁਰੂ ਕਰ ਦਿੰਦੇ ਹਨ।

ਇਸਦਾ ਇਹ ਕਾਰਨ ਹੈ ਕਿ ਰੋਡਵੇਜ਼ ਵਿਭਾਗ ਦੇ ਟਾਈਮ ਟੇਬਲ 'ਚ ਫਰਕ ਦਿਖ ਰਿਹਾ ਹੈ ਅਤੇ ਬੱਸ ਸਟੈਂਡ 'ਤੇ ਰੋਡਵੇਜ਼ ਦੀਆਂ ਬੱਸਾਂ ਦੀ ਘੱਟ ਗਿਣਤੀ ਦੇ ਮੁਕਾਬਲੇ ਨਿੱਜੀ ਬੱਸਾਂ ਦੀ ਗਿਣਤੀ ਜ਼ਿਆਦਾ ਹੈ, ਜਿਸ ਕਾਰਣ ਨਿੱਜੀ ਬੱਸਾਂ ਵਿਚ ਯਾਤਰੀਆਂ ਨਾਲ ਮਾੜੀ ਭਾਸ਼ਾ ਅਤੇ ਰਸਤੇ ਵਿਚ ਉਤਾਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਟਾਫ ਦੀ ਮਨਮਰਜ਼ੀ ਦਾ ਖਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਪੈਂਦਾ ਹੈ। ਇਹੀ ਕਾਰਣ ਹੈ ਕਿ ਪ੍ਰਾਈਵੇਟ ਬੱਸ ਸੰਚਾਲਕ ਆਪਣੀ ਮਨਮਾਨੀ 'ਤੇ ਉਤਾਰੂ ਹਨ। ਯਾਤਰੀਆਂ ਦਾ ਦੋਸ਼ ਹੈ ਕਿ ਇਹ ਬੱਸਾਂ ਨਾ ਤਾਂ ਸਮੇਂ 'ਤੇ ਆਉਂਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਮੰਜ਼ਿਲ ਤੱਕ ਛੱਡਦੀਆਂ ਹਨ। ਨਿਜੀ ਸੰਚਾਲਕ ਵਿਭਾਗੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਜਦ ਇਸ ਸਬੰਧ ਵਿਚ ਰੋਡਵੇਜ਼ ਦੇ ਜੀ. ਐੱਮ. ਨਾਲ ਗੱਲ ਕਰਨੀ ਚਾਹੀ ਤਾਂ ਉਹ ਉਪਲੱਬਧ ਨਹੀਂ ਸਨ।


author

Anuradha

Content Editor

Related News