ਬੱਸ ਸਟੈਂਡ ''ਚ ਅਫੀਮ ਵੇਚਦੇ ਪਤੀ-ਪਤਨੀ ਕਾਬੂ

04/20/2018 5:07:47 AM

ਜਲੰਧਰ, (ਮ੍ਰਿਦੁਲ)— ਥਾਣਾ 7 ਦੇ ਅਧੀਨ ਆਉਂਦੇ ਬੱਸ ਸਟੈਂਡ ਚੌਕੀ ਦੀ ਪੁਲਸ ਨੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਝਾਰਖੰਡ ਤੋਂ ਅਫੀਮ ਲਿਆ ਕੇ ਜਲੰਧਰ ਵਿਚ ਸਪਲਾਈ ਕਰਦੇ ਸਨ। ਮੁਲਜ਼ਮਾਂ ਨੂੰ ਪੁਲਸ ਨੇ ਅਟਵਾਲ ਨਗਰ ਤੋਂ ਟਰੈਪ ਲਾ ਕੇ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਦੋਵਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿਚ ਇਹ ਖੁਲਾਸਾ ਹੋਇਆ ਹੈ ਕਿ ਦੋਵੇਂ ਪਤੀ-ਪਤਨੀ ਬੱਸ ਸਟੈਂਡ ਦੇ ਆਲੇ-ਦੁਆਲੇ ਇਲਾਕਿਆਂ ਵਿਚ ਡਰਾਈਵਰਾਂ ਨੂੰ ਅਫੀਮ ਪ੍ਰਚੂਨ ਵਿਚ ਸਪਲਾਈ ਕਰਦੇ ਹਨ।
ਡੀ. ਸੀ. ਪੀ. ਗੁਰਮੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੱਸ ਸਟੈਂਡ ਚੌਕੀ ਇੰਚਾਰਜ ਸੇਵਾ ਸਿੰਘ ਨੂੰ ਸੂਹ ਮਿਲੀ ਸੀ ਕਿ ਧੋਗੜੀ ਦੇ ਰਹਿਣ ਵਾਲੇ ਵਿਅਕਤੀ ਰਣਜੀਤ ਬੁਈਆ ਅਤੇ ਉਸਦੀ ਪਤਨੀ ਪਿੰਕੀ ਅਫੀਮ ਵੱਡੇ ਪੱਧਰ 'ਤੇ ਵੇਚ ਰਹੇ ਹਨ ਜੋ ਇਹ ਸਾਰਾ ਮਾਮਲਾ ਝਾਰਖੰਡ ਦੇ ਇਕ ਵਿਅਕਤੀ ਦੇ ਜ਼ਰੀਏ ਲਿਆਉਂਦੇ ਹਨ, ਜਿਸ ਤੋਂ ਬਾਅਦ ਜਲੰਧਰ ਲਿਆ ਕੇ ਦਿਹਾਤੀ ਅਤੇ ਸ਼ਹਿਰ ਦੇ ਬੱਸ ਸਟੈਂਡ ਇਲਾਕੇ ਵਿਚ ਅਫੀਮ ਵੇਚ ਰਹੇ ਹਨ, ਜਿਸ 'ਤੇ ਇਨਪੁਟ ਮਿਲਣ 'ਤੇ ਪੂਰਾ ਟਰੈਪ ਲਾ ਕੇ ਅਫਸਰਾਂ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ। ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ, ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਦੀ ਅਗਵਾਈ 'ਚ ਇੰਚਾਰਜ ਸੇਵਾ ਸਿੰਘ ਨੇ ਸਾਰਾ ਆਪ੍ਰੇਸ਼ਨ ਚਲਾਇਆ, ਜਿਸ ਦੇ ਤਹਿਤ ਅਟਵਾਲ ਨਗਰ ਕੋਲੋਂ ਮੁਲਜ਼ਮ ਪਤੀ-ਪਤਨੀ ਨੂੰ ਫੜ ਲਿਆ ਗਿਆ, ਜਿਨ੍ਹਾਂ ਤੋਂ ਕੁਲ 5 ਕਿਲੋ 300 ਗ੍ਰਾਮ ਅਫੀਮ ਬਰਾਮਦ ਹੋਈ ਜੋ ਕਿ ਤਕਰੀਬਨ 5 ਲੱਖ ਦੀ ਦੱਸੀ ਜਾ ਰਹੀ ਹੈ। ਪੁੱਛਗਿੱਛ ਵਿਚ ਰਣਜੀਤ ਅਤੇ ਪਿੰਕੀ ਨੇ ਮੰਨਿਆ ਕਿ ਉਹ ਇਕ ਸਾਲ ਤੋਂ ਜਲੰਧਰ ਆ ਕੇ ਰਹਿ ਰਹੇ ਹਨ। ਲੋਕਾਂ ਨੂੰ ਦਿਖਾਉਣ ਲਈ ਮਜ਼ਦੂਰੀ ਕਰਦੇ ਹਨ ਪਰ ਉਹ ਇਕ ਸਾਲ ਵਿਚ ਕਰੀਬ 6 ਵਾਰ ਝਾਰਖੰਡ ਜਾ ਕੇ ਅਫੀਮ ਲੈ ਕੇ ਆ ਚੁੱਕੇ ਹਨ।  ਉਹ ਝਾਰਖੰਡ ਤੋਂ ਇਕ ਕਿਲੋ ਅਫੀਮ 9 ਹਜ਼ਾਰ ਵਿਚ ਲਿਆਉਂਦੇ ਸਨ ਅਤੇ ਜਲੰਧਰ ਉਹ 1 ਲੱਖ 10 ਹਜ਼ਾਰ ਵਿਚ ਵੇਚਦੇ ਸਨ। ਹਾਲਾਂਕਿ ਇਹ ਜ਼ਿਆਦਾਤਰ ਪ੍ਰਚੂਨ ਵਿਚ ਹੀ ਗਾਹਕ ਦੇ ਹਿਸਾਬ ਨਾਲ ਮਾਲ ਵੇਚਦੇ ਸਨ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।


Related News