ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
Tuesday, Feb 04, 2025 - 10:55 AM (IST)
ਤਰਨਤਾਰਨ (ਰਮਨ)-ਤਰਨਤਾਰਨ ਅਧੀਨ ਆਉਂਦੇ ਪਿੰਡ ਕੱਕਾ ਕੰਡਿਆਲਾ ਵਿਖੇ ਰੇਲਵੇ ਫਲਾਈ ਓਵਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਕਰਕੇ ਜਿੱਥੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਇਸਦੇ ਆਸ-ਪਾਸ ਮੌਜੂਦ ਮੈਰਿਜ ਪੈਲਸ ਮਾਲਕਾਂ ਅਤੇ ਬੱਸ ਮਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵੱਡੇ ਨੁਕਸਾਨ ਨੂੰ ਆਪਣੇ ਅੱਖੀਂ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਸਰਵਿਸ ਲੇਨ ਬਣਾਉਣ ਦੇ ਆਦੇਸ਼ ਜਾਰੀ ਨਹੀਂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟਰ ਸ਼ੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਇਸ ਫਲਾਈ ਓਵਰ ਦੀ ਉਸਾਰੀ ਦੇ ਚੱਲਦਿਆਂ ਤਰਨਤਾਰਨ ਤੋਂ ਅੰਮ੍ਰਿਤਸਰ, ਤਰਨਤਾਰਨ ਤੋਂ ਝਬਾਲ ਅਤੇ ਤਰਨਤਾਰਨ ਤੋਂ ਸ਼ਬਾਜਪੁਰ ਅਤੇ ਭਿੱਖੀਵਿੰਡ ਬੱਸ ਰੂਟ ਬੰਦ ਕਰ ਦਿੱਤੇ ਗਏ ਹਨ, ਜਿਸ ਦੇ ਚੱਲਦਿਆਂ ਸਵਾਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਰੂਟਾਂ ਦੇ ਬੰਦ ਹੋਣ ਕਰਕੇ ਟਰਾਂਸਪੋਰਟ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਅਜਿਹੀ ਸਥਿਤੀ ਵਿਚ ਟਰਾਂਸਪੋਰਟਰ ਸਰਕਾਰ ਨੂੰ ਬੱਸਾਂ ਦੇ ਟੈਕਸ ਅਦਾ ਨਹੀਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਸਰਕਾਰ ਵੱਲੋਂ ਜਾਰੀ ਹੋਏ ਰੂਟਾਂ ਨੂੰ ਬਦਲ ਕੇ ਦੂਸਰੇ ਰਸਤੇ ਨਹੀਂ ਜਾ ਸਕਦੇ ਹਨ। ਇਨ੍ਹਾਂ ਰੂਟਾਂ ਦੇ ਬੰਦ ਹੋਣ ਕਰਕੇ ਤਰਨਤਾਰਨ ਤੋਂ ਧਾਰਮਿਕ ਸਥਾਨ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਟਾਹਲਾ ਸਾਹਿਬ, ਬਾਬਾ ਨੌਧ ਸਿੰਘ ਸਮਾਧ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ ਪ੍ਰੰਤੂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਸ਼ੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਦੇ ਚੱਲਦਿਆਂ ਪਿੰਡ ਠਰੂ, ਠੱਠੀ ਖਾਰਾ, ਦੋਬੁਰਜੀ ਆਦਿ ਨਜ਼ਦੀਕ ਮੌਜੂਦ ਗੁਦਾਮਾਂ ਅਤੇ ਸ਼ੈਲਰਾਂ ਵਿਚ ਕਣਕ ਲਗਾਉਣ ਸਬੰਧੀ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਜਾਮ ਲਗਾਉਣਗੀਆਂ। ਸ਼ੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਪਿੰਡ ਕੱਕਾ ਕੰਡਿਆਲਾ ਨਜ਼ਦੀਕ ਮੌਜੂਦ ਤਿੰਨ ਵੱਡੇ ਮੈਰਿਜ ਪੈਲਸ, ਰਿਜੋਰਟਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦੀਆਂ ਬੁਕਿੰਗਾਂ ਨਹੀਂ ਹੋ ਰਹੀਆਂ ਹਨ ਅਤੇ ਜੋ ਵਿਆਹਾਂ ਸਬੰਧੀ ਉਨ੍ਹਾਂ ਵੱਲੋਂ ਬੁਕਿੰਗਾਂ ਕੀਤੀਆਂ ਗਈਆਂ ਸਨ, ਉਸ ਦੀ ਰਕਮਾਂ ਸਬੰਧਤ ਲੋਕਾਂ ਨੂੰ ਵਾਪਸ ਕਰਨੀਆਂ ਪੈ ਰਹੀਆਂ ਹਨ। ਇਸ ਦੇ ਨਾਲ ਹੀ ਆਸ-ਪਾਸ ਮੌਜੂਦ ਹੋਰ ਕਾਰੋਬਾਰੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਪ੍ਰਸ਼ਾਸਨ ਨੂੰ ਇਸ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ-ਇਨ੍ਹਾਂ ਮਰੀਜ਼ਾਂ ਨੂੰ ਮਿਲੇਗਾ 1000 ਰੁਪਏ ਪ੍ਰਤੀ ਮਹੀਨਾ, ਸਰਕਾਰ ਨੇ ਕਰ 'ਤਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਫਲਾਈ ਓਵਰ ਦੇ ਚੱਲਦਿਆਂ ਵਾਹਨ ਚਾਲਕਾਂ ਅਤੇ ਹੋਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਨੈਸ਼ਨਲ ਹਾਈਵੇ ਅਥਾਰਟੀ ਨਾਲ ਸੰਪਰਕ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਿਲਹਾਲ ਟ੍ਰੈਫਿਕ ਨੂੰ ਦੂਜੇ ਰਸਤੇ ਰਾਹੀਂ ਡਾਈਵਰਟ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਰਾਣੀ ਕੌਰ ਨੇ ਦੱਸਿਆ ਕਿ ਫਲਾਈ ਓਵਰ ਦੀ ਉਸਾਰੀ ਕਰਕੇ ਟ੍ਰੈਫਿਕ ਨੂੰ ਪਿੰਡ ਕੱਕਾ ਕੰਡਿਆਲਾ ਦੇ ਅੰਦਰੋਂ ਡਾਈਵਰਟ ਕਰਦੇ ਹੋਏ ਅੱਗੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸਾਂ ਦੇ ਰੂਟ ਬੰਦ ਹੋਣ ਦੀ ਜਗ੍ਹਾ ਉਨ੍ਹਾਂ ਨੂੰ ਦੂਸਰੇ ਰੂਟਾਂ ਤੋਂ ਜਾਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਨਾਲ ਫਲਾਈ ਓਵਰ ਦੇ ਆਸ-ਪਾਸ ਸਰਵਿਸ ਲੇਨ ਬਣਾਉਣ ਸਬੰਧੀ ਗੱਲਬਾਤ ਸਬੰਧਤ ਵਿਭਾਗ ਨਾਲ ਜਾਰੀ ਹੈ, ਜਿਸ ਦਾ ਆਉਣ ਵਾਲੇ ਕੁਝ ਦਿਨਾਂ ਵਿਚ ਨਤੀਜਾ ਸਾਹਮਣੇ ਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8