ਹੈਂਕੜਬਾਜ਼ ਬੱਸ ਮਾਲਕਾਂ ਖਿਲਾਫ ਗਰਜੇ ਵਰਕਰਜ਼ ਯੂਨੀਅਨ ਦੇ ਨੁਮਾਇੰਦੇ

Monday, Aug 14, 2017 - 12:10 PM (IST)

ਹੈਂਕੜਬਾਜ਼ ਬੱਸ ਮਾਲਕਾਂ ਖਿਲਾਫ ਗਰਜੇ ਵਰਕਰਜ਼ ਯੂਨੀਅਨ ਦੇ ਨੁਮਾਇੰਦੇ

ਅੰਮ੍ਰਿਤਸਰ (ਛੀਨਾ)- ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਸੈਕਟਰੀ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਵਿਖੇ ਵਿਸ਼ਾਲ ਇਜਲਾਸ ਕਰਵਾਇਆ ਗਿਆ, ਜਿਸ ਵਿਚ ਗੌਰਮਿੰਟ ਤੇ ਪ੍ਰਾਈਵੇਟ ਵੱਖ-ਵੱਖ ਕਿਰਤੀ ਯੂਨੀਅਨ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਪੁੱਜੇ। ਬਲਦੇਵ ਸਿੰਘ ਬੱਬੂ ਨੇ ਕੁਝ ਨਿੱਜੀ ਬੱਸ ਕੰਪਨੀਆਂ ਦੇ ਮਾਲਕਾਂ ਵੱਲੋਂ ਡਰਾਈਵਰਾਂ, ਕੰਡਕਟਰਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਠਾਉਂਦਿਆਂ ਕਿਹਾ ਕਿ ਹੈਂਕੜਬਾਜ਼ ਬੱਸ ਮਾਲਕ ਆਪਣੀਆਂ ਵਧੀਕੀਆਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਬੱਬੂ ਨੇ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਕਿਸੇ ਵੀ ਬੱਸ ਆਪ੍ਰੇਟਰ ਨੇ ਕਿਸੇ ਵਰਕਰ ਨਾਲ ਕੁੱਟਮਾਰ ਕੀਤੀ ਤਾਂ ਯੂਨੀਅਨ ਦੇ ਤਿੱਖੇ ਅੰਦੋਲਨ ਦਾ ਸਾਹਮਣਾ ਕਰਨ ਲਈ ਵੀ ਉਹ ਤਿਆਰ ਰਹੇ।  ਇਸ ਇਜਲਾਸ 'ਚ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਏਟਕ ਦੇ ਸਕੱਤਰ ਅਮਰਜੀਤ ਸਿੰਘ ਆਂਸਲ, ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਪ੍ਰਾਈਵੇਟ ਟਰਾਂਸਪੋਰਟ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਖੋਟੇ ਤੇ ਅਮਰਜੀਤ ਸਿੰਘ ਲਾਹੌਰੀਆ ਸਮੇਤ ਵੱਡੀ ਗਿਣਤੀ 'ਚ ਪੁੱਜੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਬਲਦੇਵ ਸਿੰਘ ਬੱਬੂ ਦੀ ਪਿੱਠ ਥਾਪੜਦਿਆਂ ਕਿਹਾ ਕਿ ਅਸੀਂ ਹਰ ਸੰਘਰਸ਼ 'ਚ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਨਾਲ ਚੱਟਾਨ ਵਾਂਗ ਖੜ੍ਹਾਂਗੇ। 
ਇਸ ਮੌਕੇ ਉਪਰੋਕਤ ਯੂਨੀਅਨ ਦੇ ਨਵੇਂ ਅਹੁਦੇਦਾਰ ਤੇ ਮੈਂਬਰ ਵੀ ਚੁਣੇ ਗਏ, ਜਿਨ੍ਹਾਂ 'ਚ ਜਸਬੀਰ ਸਿੰਘ ਸਭਰਾ ਚੇਅਰਮੈਨ, ਦਿਲਬਾਗ ਸਿੰਘ ਪ੍ਰਧਾਨ, ਬਲਦੇਵ ਸਿੰਘ ਬੱਬੂ ਜਨਰਲ ਸਕੱਤਰ, ਲੱਖਾ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਵੰਤ ਸਿੰਘ ਸੁੱਖਾ ਤੇ ਹੋਰ ਵੀ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।


Related News