3 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਬੱਸ ਚਾਲਕ ਦੀ ਸਜ਼ਾ ਬਰਕਰਾਰ

01/20/2018 4:20:19 AM

ਹੁਸ਼ਿਆਰਪੁਰ, (ਅਮਰਿੰਦਰ)- ਟਾਂਡਾ ਦੇ ਨਜ਼ਦੀਕ 7 ਜਨਵਰੀ 2012 ਨੂੰ ਬੱਸ ਤੇ ਟਰੈਕਟਰ 'ਚ ਹੋਈ ਟੱਕਰ 'ਚ ਟਰੈਕਟਰ ਸਵਾਰ ਬਾਹਰੀ ਪ੍ਰਦੇਸ਼ ਦੇ 3 ਮਜ਼ਦੂਰਾਂ ਦੀ ਮੌਤ ਮਾਮਲੇ ਦੇ ਦੋਸ਼ੀ ਬੱਸ ਚਾਲਕ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਲਿਆਣਪੁਰ ਟਾਂਡਾ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਰਣਜੀਤ ਕੁਮਾਰ ਜੈਨ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਹਨ। ਗੌਰਤਲਬ ਹੈ ਕਿ ਦੋਸ਼ੀ ਬੱਸ ਚਾਲਕ ਕੁਲਦੀਪ ਸਿੰਘ ਨੂੰ ਪਹਿਲਾਂ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਮਹਿਕ ਸਭਰਵਾਲ ਦੀ ਅਦਾਲਤ ਨੇ 2 ਸਾਲ ਦੀ ਕੈਦ ਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਦੇ ਬਾਅਦ ਕੁਲਦੀਪ ਸਿੰਘ ਨੇ ਇਸ ਸਜ਼ਾ ਦੇ ਖਿਲਾਫ਼ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ 'ਚ ਅਪੀਲ ਪਾ ਦਿੱਤੀ ਸੀ। ਜਿਸ 'ਚ ਅੱਜ ਅਦਾਲਤ ਨੇ ਅਪੀਲ ਖਾਰਜ ਕਰਦੇ ਹੋਏ ਪਹਿਲਾਂ ਵਾਲੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ।
ਕੀ ਹੈ ਮਾਮਲਾ : ਗੌਰਤਲਬ ਹੈ ਕਿ ਟਾਂਡਾ ਪੁਲਸ ਕੋਲ ਟਰੈਕਟਰ ਚਾਲਕ ਹਜ਼ਾਰਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਵਾਰਡ ਨੰ. 4 ਦਾਰਾਪੁਰ ਟਾਂਡਾ ਦੇ ਬਿਆਨਾਂ 'ਤੇ ਪੁਲਸ ਨੇ ਦੋਸ਼ੀ ਬੱਸ ਚਾਲਕ ਕੁਲਦੀਪ ਸਿੰਘ ਦੇ ਖਿਲਾਫ਼ 7 ਫਰਵਰੀ 2012 ਨੂੰ ਕੇਸ ਦਰਜ ਕੀਤਾ ਸੀ। ਸ਼ਿਕਾਇਤ 'ਚ ਹਜ਼ਾਰਾ ਸਿੰਘ ਨੇ ਦੋਸ਼ ਲਾਇਆ ਕਿ ਉਹ ਆਪਣੇ ਟਰੈਕਟਰ 'ਤੇ ਮਜ਼ਦੂਰਾਂ ਨੂੰ ਲੈ ਪਾਪੂਲਰ ਲਾਉਣ ਲਈ ਗੰਬੋਵਾਲ ਪਿੰਡ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸਵੇਰੇ ਸਾਢੇ 9 ਵਜੇ ਦੇ ਕਰੀਬ ਮੂਨਕਾਂ ਪਿੰਡ ਦੇ ਫਾਟਕ ਨਜ਼ਦੀਕ ਪਹੁੰਚੇ ਤਾਂ ਉਲਟ ਦਿਸ਼ਾ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨੇ ਕਿਸੇ ਟਰੱਕ ਨੂੰ ਓਵਰਟੇਕ ਕਰਨ ਦੇ ਦੌਰਾਨ ਸਾਡੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਟਰੈਕਟਰ ਸੜਕ ਕਿਨਾਰੇ ਖੇਤ 'ਚ ਜਾ ਕੇ ਪਲਟ ਗਿਆ। ਜਿਸ ਨਾਲ ਟਰੈਕਟਰ 'ਚ ਸਵਾਰ 3 ਮਜ਼ਦੂਰਾਂ ਰਾਮਦੀਨ ਮਹਤੋ, ਬਾਲੇਸ਼ਵਰ ਤੇ 1 ਮਹਿਲਾ ਮਜ਼ਦੂਰ ਜੈਲਾਸ਼ ਕੁਮਾਰੀ ਦੀ ਮੌਤ ਹੋ ਗਈ ਤੇ ਹੋਰ ਮਜ਼ਦੂਰ ਜ਼ਖਮੀ ਹੋ ਗਏ।


Related News