ਬੱਸ ਅਤੇ ਕੈਂਟਰ ਦੀ ਟੱਕਰ, ਮਹਿਲਾ ਸਵਾਰੀ ਸਮੇਤ ਦੋ ਜ਼ਖਮੀ
Friday, Jul 27, 2018 - 04:55 PM (IST)
ਰੂਪਨਗਰ (ਵਿਜੇ) : ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਰੂਪਨਗਰ ਹੈਡਵਰਕਸ 'ਤੇ ਕੈਂਟਰ ਅਤੇ ਇਕ ਪ੍ਰਾਈਵੇਟ ਬੱਸ ਦੀ ਟੱਕਰ ਹੋ ਗਈ। ਜਿਸ 'ਚ ਕੈਂਟਰ ਦੇ ਸਹਿ ਚਾਲਕ ਅਤੇ ਬੱਸ ਸਵਾਰ ਇਕ ਮਹਿਲਾ ਜ਼ਖਮੀ ਹੋ ਗਈ। ਇਹ ਬੱਸ ਜਲੰਧਰ ਤੋਂ ਮੋਹਾਲੀ ਵੱਲ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਰਾਜਪੁਰਾ ਤੋਂ ਰੂਪਨਗਰ ਸਵਰਾਜ ਕੰਪਨੀ ਦਾ ਕੈਂਟਰ ਜਾ ਰਿਹਾ ਸੀ ਅਤੇ ਇਸ ਦੌਰਾਨ ਲਿਬੜਾ ਬੱਸ ਸਰਵਿਸ ਦੀ ਇਕ ਬੱਸ ਜਲੰਧਰ ਤੋਂ ਮੋਹਾਲੀ ਵੱਲ ਜਾ ਰਹੀ ਸੀ ਅਤੇ ਰੂਪਨਗਰ ਹੈਡਵਰਕਸ ਤੇ ਦੋਵੇਂ ਵਾਹਨ ਟਕਰਾ ਗਏ।
ਹਾਦਸੇ 'ਚ ਕੈਂਟਰ ਦਾ ਸਹਿ ਚਾਲਕ ਛੱਜੂ ਰਾਮ ਪੁੱਤਰ ਫਕੀਰਚੰਦ ਨਿਵਾਸੀ ਪਿੰਡ ਬੂਟਾ ਸਿੰਘ ਵਾਲਾ (ਬਨੂੜ) ਅਤੇ ਬੱਸ ਦੀ ਇਕ ਮਹਿਲਾ ਸਵਾਰੀ ਹੇਮਲਤਾ ਪੁੱਤਰੀ ਹੁਸਨ ਲਾਲ ਨਿਵਾਸੀ ਬਲਾਚੌਰ ਜ਼ਖਮੀ ਹੋ ਗਈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਕੈਂਟਰ ਦੇ ਚਾਲਕ ਨਿਸ਼ਾਂਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਕਾਫੀ ਤੇਜ਼ ਸੀ ਅਤੇ ਉਸਨੇ ਬ੍ਰੇਕ ਲਗਾਈ ਪਰੰਤੂ ਮੀਂਹ ਕਾਰਨ ਬੱਸ ਸਲਿੱਪ ਕਰਦੀ ਹੋਈ ਉਸਦੇ ਕੈਂਟਰ ਨਾਲ ਟਕਰਾ ਗਈ। ਬੱਸ ਚਾਲਕ ਦੀ ਪਹਿਚਾਣ ਹਰਵਿੰਦਰ ਸਿੰਘ ਨਿਵਾਸੀ ਗ੍ਰੀਨ ਇਨਕਲੇਵ ਖਮਾਣੋ ਦੇ ਰੂਪ 'ਚ ਹੋਈ ਹੈ।
