ਸਾਨੂੰ ਇਕੱਠਿਆਂ ਫੂਕ ਦਿਓ, ਲਿਖ ਪ੍ਰੇਮੀ ਜੋੜੇ ਨੇ ਲਿਆ ਫਾਹਾ

02/07/2018 1:36:41 PM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਨਰੇਸ਼)—ਇਕ ਵਿਆਹੁਤਾ ਜੋੜੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੰਗਵਾਲ ਵਿਖੇ 8 ਮਹੀਨਿਆਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਕਮਲਜੀਤ ਸਿੰਘ ਮਿੰਟਾ ਵਾਸੀ ਪਿੰਡ ਮਸਾਣੀ ਅਤੇ ਉਸ ਦੀ ਪਤਨੀ ਹਿਨਾ ਨੇ ਮੰਗਲਵਾਰ ਨੂੰ ਬਾਅਦ ਦੁਪਹਿਰ ਘਰ ਵਿਚ ਇਕੱਠਿਆਂ ਫਾਹਾ ਲੈ ਲਿਆ। ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਸ਼ਾਮ 4 ਵਜੇ ਥਾਣੇ ਇਤਲਾਹ ਮਿਲੀ ਕਿ ਪਤੀ-ਪਤਨੀ ਦੋਵਾਂ ਨੇ ਫਾਹਾ ਲੈ ਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਪੱਖੇ ਦੀ ਹੁੱਕ ਨਾਲ ਲਟਕਦੀਆਂ ਲਾਸ਼ਾਂ ਨੂੰ ਲਾਹਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।  ਪਿੰਡ ਦੇ ਸਰਪੰਚ ਲਛਮਣ ਸਿੰਘ ਨੇ ਦੱਸਿਆ ਕਿ 3 ਵਜੇ ਉਨ੍ਹਾਂ ਕੋਲ ਲੜਕੀ ਦਾ ਭਰਾ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਆਤਮ-ਹੱਤਿਆ ਕਰ ਲਈ ਹੈ, ਜਿਸ ਦੀ ਇਤਲਾਹ ਥਾਣਾ ਸਦਰ ਸੰਗਰੂਰ ਵਿਖੇ ਦਿੱਤੀ ਗਈ।
ਮੌਕੇ ਤੋਂ ਮਿਲਿਆ ਸੁਸਾਈਡ ਨੋਟ
ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇਕ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ ਹੈ, ਜਿਸ ਵਿਚ ਮ੍ਰਿਤਕਾਂ ਨੇ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਇਹ ਕਦਮ ਚੁੱਕ ਰਹੇ ਹਨ ਅਤੇ ਉਨ੍ਹਾਂ ਦਾ ਸਸਕਾਰ ਇਕੱਠਿਆਂ ਇਕੋ ਥਾਂ 'ਤੇ ਕੀਤਾ ਜਾਵੇ।


Related News