ਬਰਲਟਨ ਪਾਰਕ ਸਪੋਰਟਸ ਹੱਬ ਦਾ ਕੰਮ ਇਕ ਵਾਰ ਫਿਰ ਸ਼ੁਰੂ ਹੋਣ ਦੇ ਚਾਂਸ ਬਣੇ
Monday, Mar 24, 2025 - 11:01 AM (IST)

ਜਲੰਧਰ (ਖੁਰਾਣਾ)–ਜਲੰਧਰ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਇਕ ਵਾਰ ਫਿਰ ਆਸ ਦੀ ਕਿਰਨ ਜਗੀ ਹੈ। ਲਗਾਤਾਰ 10 ਸਾਲ ਤਕ ਪੰਜਾਬ ਅਤੇ ਜਲੰਧਰ ਦੀ ਸੱਤਾ ’ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਦੌਰਾਨ ਇਹ ਪ੍ਰਾਜੈਕਟ ਤਤਕਾਲੀ ਮੇਅਰ ਰਾਕੇਸ਼ ਰਾਠੌਰ ਦਾ ਡ੍ਰੀਮ ਪ੍ਰਾਜੈਕਟ ਸੀ। ਹਾਲਾਂਕਿ ਭਾਜਪਾ ਦੇ ਕੁਝ ਆਗੂਆਂ ਦੇ ਆਪਸੀ ਟਕਰਾਅ ਕਾਰਨ ਇਹ ਪ੍ਰਾਜੈਕਟ ਉਸ ਸਮੇਂ ਸ਼ੁਰੂ ਨਹੀਂ ਹੋ ਸਕਿਆ।
ਸਾਬਕਾ ਮੇਅਰ ਰਾਕੇਸ਼ ਰਾਠੌਰ ਦੀ ਅੱਜ ਤਕ ਇਸ ਲਈ ਆਲੋਚਨਾ ਹੁੰਦੀ ਹੈ ਕਿ ਉਨ੍ਹਾਂ ਜਲਦਬਾਜ਼ੀ ’ਚ ਪੁਰਾਣੇ ਸਟੇਡੀਅਮ ਨੂੰ ਹੀ ਤੁੜਵਾ ਦਿੱਤਾ, ਜਿਸ ਨਾਲ ਸਾਲਾਂ ਤਕ ਖਿਡਾਰੀ ਇਥੇ ਖੇਡਣ ਤੋਂ ਵਾਂਝੇ ਰਹੇ। ਇਸ ਤੋਂ ਬਾਅਦ ਪਿਛਲੇ 5 ਸਾਲ ਤਕ ਸੱਤਾ ’ਚ ਰਹੀ ਕਾਂਗਰਸ ਸਰਕਾਰ ਨੇ ਵੀ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਆਮ ਆਦਮੀ ਪਾਰਟੀ ਦੇ ਤਿੰਨ ਸਾਲ ਦੇ ਸ਼ਾਸਨ ’ਚ ਵੀ ਇਸ ਪ੍ਰਾਜੈਕਟ ਨੂੰ ਲੈ ਕੇ ਕਈ ਉਤਰਾਅ-ਚੜ੍ਹਾਅ ਆਏ ਪਰ ਹੁਣ ਇਸ ਨੂੰ ਲੈ ਕੇ ਇਕ ਵਾਰ ਫਿਰ ਹਾਂਪੱਖੀ ਸੰਕੇਤ ਮਿਲ ਰਹੇ ਹਨ ਕਿਉਂਕਿ ਪੁਰਾਣੇ ਠੇਕੇਦਾਰ ਨੂੰ ਹੀ ਕੰਮ ਦੋਬਾਰਾ ਸ਼ੁਰੂ ਕਰਨ ਲਈ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਵੱਲੋਂ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਦੋਸਤ ਨਾਲ ਖੜ੍ਹੇ ਨੌਜਵਾਨ 'ਤੇ ਚਲਾ 'ਤੀਆਂ ਗੋਲ਼ੀਆਂ
ਹੁਣ ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹ ਜਾਂਦਾ ਹੈ ਤਾਂ ਇਹ ਨਾ ਸਿਰਫ ਸ਼ਹਿਰ ਦੇ ਖੇਡ ਪ੍ਰੇਮੀਆਂ ਲਈ ਵਰਦਾਨ ਸਾਬਿਤ ਹੋਵੇਗਾ, ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਲਈ ਇਕ ਸੰਜੀਵਨੀ ਵੀ ਬਣ ਸਕਦਾ ਹੈ। ਪਤਾ ਲੱਗਾ ਹੈ ਕਿ ਪ੍ਰਾਜੈਕਟ ਦੋਬਾਰਾ ਸ਼ੁਰੂ ਕਰਵਾਉਣ ਲਈ ਮੇਅਰ ਅਤੇ ਕਮਿਸ਼ਨਰ ਨੇ ਠੇਕੇਦਾਰ ਕੰਪਨੀ ਨਾਲ ਕਈ ਮੀਟਿੰਗਾਂ ਤਕ ਕਰ ਲਈਆਂ ਹਨ।
2022 ’ਚ ਸਮਾਰਟ ਸਿਟੀ ਨੇ ਅਲਾਟ ਕੀਤਾ ਸੀ 77 ਕਰੋੜ ਦਾ ਟੈਂਡਰ
2022 ’ਚ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਠੇਕਾ 77 ਕਰੋੜ ’ਚ ਏ. ਐੱਸ. ਐਂਟਰਪ੍ਰਾਈਜ਼ਿਜ਼ ਨਾਂ ਦੀ ਕੰਪਨੀ ਨੂੰ ਦਿੱਤਾ ਸੀ। ਇਸ ਪ੍ਰਾਜੈਕਟ ਨੂੰ ਇਕ ਸਾਲ ਅੰਦਰ ਪੂਰਾ ਕਰਨਾ ਸੀ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਇਹ ਅੱਧ-ਵਿਚਾਲੇ ਲਟਕਿਆ ਹੋਇਆ ਹੈ। ਠੇਕੇਦਾਰ ਕੰਪਨੀ ਦਾ ਦੋਸ਼ ਸੀ ਕਿ ਸਮਾਰਟ ਸਿਟੀ ਅਤੇ ਨਿਗਮ ਦੇ ਅਧਿਕਾਰੀਆਂ ਨੇ ਸਹਿਯੋਗ ਨਹੀਂ ਕੀਤਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ
ਠੇਕੇਦਾਰ ਵੱਲੋਂ ਕੰਮ ਵਿਚਾਲੇ ਛੱਡ ਦੇਣ ਨਾਲ ਚਾਰਦੀਵਾਰੀ ਦਾ ਕੰਮ ਵੀ ਅਜੇ ਤਕ ਅਧੂਰਾ ਪਿਆ ਹੈ। ਕੰਪਨੀ ਨੇ ਸਮਾਰਟ ਸਿਟੀ ਦੇ ਅਧਿਕਾਰੀਅਾਂ ਦੀ ਨਾਕਾਮੀ, ਭ੍ਰਿਸ਼ਟਾਚਾਰ ਅਤੇ ਵਿਜੀਲੈਂਸ ਜਾਂਚ ਵਰਗੇ ਮੁੱਦਿਅਾਂ ਦਾ ਹਵਾਲਾ ਦਿੰਦੇ ਹੋਏ ਨੋਟਿਸ ਜਾਰੀ ਕਰ ਕੇ ਕੰਮ ਅੱਗੇ ਨਾ ਵਧਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਤਤਕਾਲੀ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕੰਪਨੀ ਦੀ ਚਾਰ ਕਰੋੜ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰ ਲਈ ਸੀ। ਹਾਲਾਂਕਿ ਮੌਜੂਦਾ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਨੇ ਪੁਰਾਣੇ ਠੇਕੇਦਾਰ ਨਾਲ ਗੱਲਬਾਤ ਸ਼ੁਰੂ ਕਰ ਕੇ ਉਸ ਨੂੰ ਫਿਰ ਤੋਂ ਪ੍ਰਾਜੈਕਟ ’ਤੇ ਕੰਮ ਕਰਨ ਲਈ ਮਨਾਉਣ ਦਾ ਕੰਮ ਇਸ ਲਈ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਇਸ ਨਾਲ ਦੋਬਾਰਾ ਟੈਂਡਰ ਪ੍ਰਕਿਰਿਆ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਕੰਮ ’ਚ ਹੋਰ ਦੇਰੀ ਹੋਣ ਦਾ ਖ਼ਦਸ਼ਾ ਨਹੀਂ ਰਹੇਗਾ।
ਸਰਕਾਰੀ ਅਫ਼ਸਰਾਂ ਅਤੇ ਸਾਬਕਾ ਸਰਕਾਰਾਂ ਦੀ ਰਹੀ ਨਾਕਾਮੀ
ਇਸ ਪ੍ਰਾਜਕੈਟ ਦੀ ਸ਼ੁਰੂਆਤ 500 ਕਰੋੜ ਰੁਪਏ ਦੇ ਬਜਟ ਨਾਲ ਹੋਈ ਸੀ ਪਰ ਸਮੇਂ ਦੇ ਨਾਲ ਇਹ ਘਟ ਕੇ ਹੁਣ ਸਿਰਫ਼ 77 ਕਰੋੜ ਰੁਪਏ ਤਕ ਸਿਮਟ ਗਿਆ ਹੈ। ਅਕਾਲੀ-ਭਾਜਪਾ ਸਰਕਾਰ ’ਚ ਮੇਅਰ ਰਾਕੇਸ਼ ਰਾਠੌਰ ਇਸ ਨੂੰ ਸ਼ੁਰੂ ਨਹੀਂ ਕਰਵਾ ਸਕੇ ਕਿਉਂਕਿ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਆਗੂਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੇਅਰ ਬਣੇ ਸੁਨੀਲ ਜੋਤੀ ਵੀ ਇਸ ਪ੍ਰਾਜੈਕਟ ਨੂੰ ਰਫਤਾਰ ਨਹੀਂ ਦੇ ਸਕੇ। ਕਾਂਗਰਸ ਦੀ ਪੰਜ ਸਾਲ ਦੀ ਸਰਕਾਰ ਨੇ ਵੀ ਇਸ ਦਿਸ਼ਾ ’ਚ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਇਕ ਇੱਟ ਤਕ ਨਹੀਂ ਲਾਈ। ਨਤੀਜੇ ਵਜੋਂ ਸ਼ਹਿਰ ਦੇ ਖੇਡ ਪ੍ਰੇਮੀ ਅਤੇ ਆਮ ਜਨਤਾ ਇਸ ਪ੍ਰਾਜੈਕਟ ਨੂੰ ਲੈ ਕੇ ਨਿਰਾਸ਼ ਹੋ ਚੁੱਕੇ ਸਨ। ਕਿਸੇ ਸਰਕਾਰੀ ਅਧਿਕਾਰੀ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਖਾਸ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਇਹ ਫਾਈਲਾਂ ’ਚ ਅਟਕਿਆ ਰਿਹਾ।
ਇਹ ਵੀ ਪੜ੍ਹੋ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਵੱਡੀ ਖ਼ਬਰ, ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫ਼ਟ
ਪ੍ਰਾਜੈਕਟ ਤਹਿਤ ਮਿਲਣੀਆਂ ਸਨ ਇਹ ਸਹੂਲਤਾਂ
ਬਰਲਟਨ ਪਾਰਕ ਸਪੋਰਟਸ ਹੱਬ ਸਿਰਫ ਇਕ ਖੇਡ ਮੈਦਾਨ ਨਹੀਂ, ਸਗੋਂ ਇਕ ਵਿਆਪਕ ਖੇਡ ਕੰਪਲੈਕਸ ਹੋਵੇਗਾ। ਇਸ ਤਹਿਤ ਕ੍ਰਿਕਟ ਸਟੇਡੀਅਮ, ਐਸਟ੍ਰੋਟਰਫ ਵਾਲੀ ਹਾਕੀ ਗਰਾਊਂਡ, ਫੁੱਟਬਾਲ ਗਰਾਊਂਡ, ਵਾਲੀਬਾਲ ਅਤੇ ਬਾਸਕਟਬਾਲ ਕੋਰਟ, ਜੂਡੋ ਅਤੇ ਯੋਗਾ ਹਾਲ, ਜਿਮਨਾਸਟਿਕ ਸਹੂਲਤਾਂ, ਮਲਟੀਪਰਪਜ਼ ਹਾਲ, ਪਾਰਕਿੰਗ ਏਰੀਆ ਅਤੇ ਇਕ ਪੈਵੇਲੀਅਨ ਦੀ ਉਸਾਰੀ ਪ੍ਰਸਤਾਵਿਤ ਹੈ। ਇਸ ਤੋਂ ਇਲਾਵਾ, ਆਲੇ-ਦੁਆਲੇ ਦੇ ਪਾਰਕਾਂ ਨੂੰ ਸੁੰਦਰ ਬਣਾਇਆ ਜਾਵੇਗਾ। ਜਲੰਧਰ, ਜੋ ਕਿ ਵਿਸ਼ਵ ਪੱਧਰ ’ਤੇ ਇਕ ਖੇਡ ਨਗਰੀ ਵਜੋਂ ਮਸ਼ਹੂਰ ਹੈ, ਲਈ ਇਹ ਪ੍ਰਾਜੈਕਟ ਖੇਡ ਉਦਯੋਗ ਨੂੰ ਹੁਲਾਰਾ ਦੇਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਆਮ ਆਦਮੀ ਪਾਰਟੀ ਲਈ ਵੀ ਸੁਨਹਿਰੀ ਮੌਕਾ
ਸ਼ਹਿਰ ’ਚ ਚਰਚਾ ਹੈ ਕਿ ਜੇਕਰ ਇਹ ਪ੍ਰਾਜੈਕਟ ਰੱਦ ਹੋ ਜਾਂਦਾ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਜਲੰਧਰ ਦੀ ਜਨਤਾ ਨੂੰ ਹੋਵੇਗਾ ਅਤੇ ਖੇਡ ਪ੍ਰੇਮੀਆਂ ’ਚ ਮਾਯੂਸੀ ਛਾ ਜਾਵੇਗੀ। ਦੂਜੇ ਪਾਸੇ ਜੇਕਰ ‘ਆਪ’ ਸਰਕਾਰ ਪੁਰਾਣੇ ਠੇਕੇਦਾਰ ਤੋਂ ਇਸ ਪ੍ਰਾਜੈਕਟ ਨੂੰ ਪੂਰਾ ਕਰਵਾ ਲੈਂਦੀ ਹੈ ਤਾਂ ਇਹ ਨਾ ਸਿਰਫ਼ ਸ਼ਹਿਰ ਦੇ ਵਿਕਾਸ ’ਚ ਮੀਲ ਦਾ ਪੱਥਰ ਸਾਬਿਤ ਹੋਵੇਗਾ, ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਪਾਰਟੀ ਨੂੰ ਸਿਆਸੀ ਲਾਭ ਵੀ ਦਿਵਾ ਸਕਦਾ ਹੈ। ਹੁਣ ਮੌਜੂਦਾ ਮੇਅਰ ਅਤੇ ਕਮਿਸ਼ਨਰ ਦੀ ਸਰਗਰਮੀ ਨਾਲ ਆਸ ਜਗੀ ਹੈ ਕਿ ਇਹ ਪ੍ਰਾਜੈਕਟ ਜਲਦ ਧਰਾਤਲ ’ਤੇ ਉਤਰੇਗਾ।
ਸ਼ਹਿਰ ’ਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਇਸ ਪ੍ਰਾਜੈਕਟ ’ਚ ਦਿਲਚਸਪੀ ਨਾ ਦਿਖਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਪ੍ਰਾਜੈਕਟ ਸਮੇਂ ਸਿਰ ਸ਼ੁਰੂ ਹੋ ਜਾਂਦਾ ਤਾਂ ਜਲੰਧਰ ਨੂੰ ਖੇਡਾਂ ਦੇ ਖੇਤਰ ’ਚ ਨਵੀਂ ਪਛਾਣ ਮਿਲ ਸਕਦੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ’ਤੇ ਟਿਕੀਆਂ ਹਨ ਕਿ ਉਹ ਇਸ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰਾਜੈਕਟ ਨੂੰ ਪੂਰਾ ਕਰ ਕੇ ਜਨਤਾ ਦਾ ਭਰੋਸਾ ਜਿੱਤ ਸਕਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਨੂੰ ਲੈ ਕੇ ਅਫ਼ਸਰਾਂ ਨੂੰ ਸਿੱਧੀ ਹੋਈ ਪੰਜਾਬ ਸਰਕਾਰ, 26 ਮਾਰਚ ਤੱਕ ਦਿੱਤੀ Deadline
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e