ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਬਣ ਰਹੀ ਹਾਈਟੈੱਕ, ਕੈਦੀਆਂ ਨੂੰ ਮਿਲੇਗਾ ਲਾਭ
Monday, Oct 31, 2022 - 12:44 PM (IST)
ਚੰਡੀਗੜ੍ਹ (ਸੰਦੀਪ) : ਮਾਡਲ ਜੇਲ੍ਹ ਬੁੜੈਲ ਹੁਣ ਕੈਦੀਆਂ ਲਈ ਹੋਰ ਹਾਈਟੈੱਕ ਬਣਨ ਜਾ ਰਹੀ ਹੈ। ਇਸ ਦਾ ਮਕਸਦ ਕੈਦੀਆਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਨਾ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਵਧੀਆ ਤਕਨੀਕੀ ਕੋਰਸ ਸਿਖਾਉਣਾ ਹੈ ਤਾਂ ਜੋ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਸਕਣ। ਇਸ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ੁਰੂ ਕੀਤੇ ਜਾ ਰਹੇ ਮਾਡਲ ਪ੍ਰਿਜ਼ਨਰ ਮੈਨੂਅਲ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਹ ਮਾਡਲ ਪ੍ਰਿਜ਼ਨਰ ਮੈਨੂਅਲ ਹੁਣ ਮੌਜੂਦਾ ਜੇਲ੍ਹ ਮੈਨੂਅਲ ਦੀ ਥਾਂ ’ਤੇ ਲਾਗੂ ਕੀਤਾ ਜਾਣਾ ਹੈ। ਇਸ ਮੁਹਿੰਮ ਤਹਿਤ ਆਈ. ਜੀ. ਜੇਲ੍ਹ ਦੀਪਕ ਪੁਰੋਹਿਤ ਨੇ ਜੇਲ੍ਹ 'ਚ ਵੱਖ-ਵੱਖ ਪ੍ਰੋਗਰਾਮ ਸ਼ੁਰੂ ਕੀਤੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਨੂੰ ਆਇਆ ਧਮਕੀ ਭਰਿਆ ਫੋਨ, ਦਿੱਤੀ ਇਹ ਚਿਤਾਵਨੀ
ਜੇਲ੍ਹ ਦੇ ਸਾਰੇ ਰਿਕਾਰਡ ਨੂੰ ਡਿਜੀਟਲਾਈਜ਼ ਕਰਨ ਲਈ ਈ-ਜੇਲ੍ਹ ਲਾਗੂ ਕੀਤੀ ਗਈ ਹੈ ਤਾਂ ਜੋ ਕੈਦੀਆਂ ਦੇ ਪੂਰੇ ਵੇਰਵੇ ਤਿਆਰ ਰੱਖੇ ਜਾ ਸਕਣ ਅਤੇ ਪੈਰੋਲ ’ਤੇ ਜਾਣ 'ਚ ਕੋਈ ਦਿੱਕਤ ਨਾ ਆਵੇ। ਇਸ ਕਾਰਨ ਕੈਦੀ ਦਾ ਪੂਰਾ ਰਿਕਾਰਡ ਇਕ ਕਲਿੱਕ ’ਤੇ ਸਾਹਮਣੇ ਆ ਜਾਂਦਾ ਹੈ। ਅਦਾਲਤੀ ਕਾਰਵਾਈ ਨੂੰ ਸਰਲ ਬਣਾਉਣ ਲਈ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੇਲ੍ਹ 'ਚ ਪੇਸ਼ ਕੀਤਾ ਜਾ ਰਿਹਾ ਹੈ। ਸਿਰਫ਼ ਉਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਭੇਜਿਆ ਜਾਂਦਾ ਹੈ, ਜਿਨ੍ਹਾਂ ਦੀ ਅਦਾਲਤ 'ਚ ਹਾਜ਼ਰੀ ਜ਼ਰੂਰੀ ਹੁੰਦੀ ਹੈ।
ਇਹ ਵੀ ਪੜ੍ਹੋ : ਖੰਨਾ 'ਚ ਪੰਜਾਬ ਪੁਲਸ ਦੇ ਹੌਲਦਾਰ ਨੂੰ ਦਿੱਤੀ ਦਰਦਨਾਕ ਮੌਤ, ਤਲਵਾਰਾਂ ਨਾਲ ਕੀਤਾ ਹਮਲਾ
ਜੇਲ੍ਹ ’ਚ ਲਾਏ ਨਵੇਂ ਯੰਤਰ
ਜੇਲ੍ਹ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਜੇਲ੍ਹ 'ਚ ਕਈ ਨਵੇਂ ਯੰਤਰ ਲਾਏ ਗਏ ਹਨ। ਵੱਖ-ਵੱਖ ਥਾਵਾਂ ’ਤੇ ਹਰ ਬੈਰਕ 'ਚ ਸੀ. ਸੀ. ਟੀ. ਵੀ. ਕੈਮਰੇ ਲਾ ਕੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਦਰਵਾਜ਼ੇ ਦੇ ਫਰੇਮ ਮੈਟਲ ਡਿਟੈਕਟਰ ਅਤੇ ਹੈਂਡ ਹੋਲਡ ਮੈਟਲ ਡਿਟੈਕਟਰ ਜੇਲ੍ਹ 'ਚ ਹਰ ਐਂਟਰੀ ’ਤੇ ਵਰਤੇ ਜਾਂਦੇ ਹਨ। ਜੇਲ੍ਹ 'ਚ ਦਾਖ਼ਲ ਹੋਣ ਵਾਲੇ ਹਰੇਕ ਵਾਹਨ ਦੀ ਅੰਡਰ ਵ੍ਹੀਕਲ ਸਕੈਨਿੰਗ ਪ੍ਰਣਾਲੀ ਨਾਲ ਜਾਂਚ ਕੀਤੀ ਜਾਂਦੀ ਹੈ। ਇਕ ਆਧੁਨਿਕ ਮੀਟਿੰਗ ਰੂਮ ਤਿਆਰ ਕੀਤਾ ਗਿਆ ਹੈ, ਤਾਂ ਜੋ ਕੈਦੀ ਚੰਗੇ ਮਾਹੌਲ 'ਚ ਆਪਣੇ ਪਰਿਵਾਰਾਂ ਨਾਲ ਸਹੀ ਢੰਗ ਨਾਲ ਗੱਲਬਾਤ ਕਰ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਦਾ 94ਵਾਂ ਐਡੀਸ਼ਨ ਐਤਵਾਰ ਨੂੰ ਆਈ. ਜੀ. ਜੇਲ੍ਹ ਨੇ ਬੰਦ ਕੈਦੀਆਂ ਦੇ ਨਾਲ ਉਨ੍ਹਾਂ ਦੀਆਂ ਬੈਰਕਾਂ 'ਚ ਬੈਠੇ ਕੇ ਦੇਖਿਆ ਅਤੇ ਉਨ੍ਹਾਂ ਨਾਲ ਖਾਣਾ ਵੀ ਖਾਧਾ। ਇਸ ਦੌਰਾਨ ਆਈ. ਜੀ. ਨੇ ਕੈਦੀਆਂ ਨਾਲ ਗੱਲਬਾਤ ਵੀ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ