ਬੰਟੀ ਨੂੰ ਮੌਤ ਦੇ ਮੂੰਹ ''ਚ ਲੈ ਗਈ ਲੱਸੀ ਪੀਣ ਦੀ ਇੱਛਾ

Monday, Apr 02, 2018 - 06:57 AM (IST)

ਲੁਧਿਆਣਾ, (ਪੰਕਜ)- ਕੰਮ ਤੋਂ ਵਾਪਸ ਆਏ ਪਤੀ ਲਈ ਖਾਣਾ ਪਰੋਸਣ 'ਚ ਜੁਟੀ ਆਸ਼ਾ ਦੇਵੀ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਲੱਸੀ ਪੀਣ ਦੀ ਇੱਛਾ ਜਤਾ ਕੇ ਪੰਜ ਮਿੰਟ 'ਚ ਵਾਪਸ ਆਉਣ ਦਾ ਵਾਅਦਾ ਕਰ ਕੇ ਘਰੋਂ ਨਿਕਲਿਆ ਬੰਟੀ ਕਦੇ ਘਰ ਵਾਪਸ ਨਹੀਂ ਆਵੇਗਾ ਅਤੇ ਪਲਕ ਝਪਕਦੇ ਹੀ ਉਨ੍ਹਾਂ ਦੀ ਦੁਨੀਆ ਤਬਾਹ ਹੋ ਜਾਵੇਗੀ। ਪ੍ਰਵਾਸੀ ਜੋੜੇ ਦੀ ਹੈਵਾਨੀਅਤ ਦਾ ਸ਼ਿਕਾਰ ਹੋਇਆ ਬੰਟੀ ਸ਼ਨੀਵਾਰ ਨੂੰ ਲੱਸੀ ਲੈਣ ਲਈ ਘਰੋਂ ਨਿਕਲਿਆ ਸੀ। ਉਸ ਦੀ ਮਾਸੂਮ ਬੇਟੀ ਅੰਜੂ ਘਰ 'ਚ ਮਾਤਮ ਦੇ ਮਾਹੌਲ ਅਤੇ ਲੱਗੀ ਭੀੜ ਨੂੰ ਦੇਖ ਕੇ ਇਹ ਨਹੀਂ ਸਮਝ ਰਹੀ ਸੀ ਕਿ ਆਖਿਰ ਹੋਇਆ ਕੀ ਹੈ। ਡਰੀ, ਸਹਿਮੀ ਅੰਜੂ ਨੇ ਮਾਂ ਦੇ ਹੰਝੂ ਪੂੰਝਦੇ ਹੋਏ ਜਦ ਇਹ ਪੁੱਛਿਆ ਕਿ ਮਾਂ ਪਾਪਾ ਵਾਪਸ ਕਿਉਂ ਨਹੀਂ ਆ ਰਹੇ ਤਾਂ ਉਥੇ ਖੜ੍ਹੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਘਟਨਾ ਕਾਰਨ ਮ੍ਰਿਤਕ ਦੇ ਤਿੰਨ ਭਰਾਵਾਂ ਅਤੇ ਭੈਣ ਦੀ ਵੀ ਹਾਲਤ ਖਰਾਬ ਸੀ। ਜਦ ਪਰਿਵਾਰ ਨੂੰ ਪੁਲਸ ਨੇ ਬੰਟੀ ਦੀ ਮੌਤ ਹੋਣ ਦਾ ਸੰਦੇਸ਼ ਦਿੰਦੇ ਹੋਏ ਲਾਸ਼ ਦੀ ਸ਼ਨਾਖਤ ਲਈ ਬੁਲਾਇਆ ਤਾਂ ਭਰਾਵਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਾਜ਼ੀਗਰ ਭਾਈਚਾਰੇ ਨਾਲ ਸਬੰਧਤ ਬੰਟੀ ਦੀ ਹੱਤਿਆ ਦੀ ਖ਼ਬਰ ਸੁਣ ਕੇ ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਪੁਲਸ ਤੋਂ ਹੱਤਿਆਰਿਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕੀਤੀ। ਇਸ ਦੌਰਾਨ ਕਈ ਵਾਰ ਮਾਹੌਲ ਵਿਗੜਦਾ ਦਿਖਾਈ ਦਿੱਤਾ ਪਰ ਘਟਨਾ ਸਥਾਨ 'ਤੇ ਪਹੁੰਚੇ ਏ. ਡੀ. ਸੀ. ਪੀ.-2 ਸੰਦੀਪ ਸ਼ਰਮਾ ਅਤੇ ਏ. ਸੀ. ਪੀ. ਧਰਮਪਾਲ ਨੇ ਮੌਕਾ ਸੰਭਾਲਦੇ ਹੋਏ ਭੀੜ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਕਿ ਹੱਤਿਆਰਿਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਸਜ਼ਾ ਦਿਵਾਈ ਜਾਵੇਗੀ।


Related News