ਪਿਉ-ਪੁੱਤਰਾਂ ''ਚ ਜਾਇਦਾਦ ਦੇ ਵਿਵਾਦ ਦੌਰਾਨ ਚੱਲੀ ਗੋਲੀ
Monday, Jan 22, 2018 - 07:38 AM (IST)

ਲੁਧਿਆਣਾ, (ਰਾਮ, ਮੁਕੇਸ਼)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਅਰਬਨ ਅਸਟੇਟ ਫੇਜ਼-1 ਵਿਖੇ ਪ੍ਰਾਪਰਟੀ ਝਗੜੇ ਨੂੰ ਲੈ ਕੇ ਪਿਉ-ਪੁੱਤਰਾਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀ ਚੱਲ ਗਈ। ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਫੇਜ਼-1 ਵਿਖੇ ਰਹਿ ਰਹੇ ਨਾਰਾਇਣ ਸਿੰਘ ਅਹੂਜਾ ਨੇ ਕਿਹਾ ਕਿ ਉਸ ਦੇ 6 ਪੁੱਤਰ ਹਨ, ਜਿਸ ਵਿਚੋਂ 3 ਪੁੱਤਰਾਂ ਨੂੰ ਉਨ੍ਹਾਂ ਦਾ ਹਿੱਸਾ ਦੇ ਚੁੱਕਾ ਹੈ। ਅਮਨਦੀਪ ਸਿੰਘ ਉਸ ਨਾਲ ਪਹਿਲੀ ਮੰਜ਼ਿਲ 'ਤੇ ਰਹਿੰਦਾ ਹੈ, ਰਣਜੀਤ ਸਿੰਘ ਗਰਾਊਂਡ ਫਲੌਰ 'ਤੇ ਅਤੇ ਤੀਸਰਾ ਪੁੱਤਰ ਅਰਬਨ ਅਸਟੇਟ ਫੇਜ਼-2 ਵਿਚ ਵੱਖਰਾ ਰਹਿੰਦਾ ਹੈ। ਅਮਨਦੀਪ ਜੋ ਕਿ ਆਪਣਾ ਹਿੱਸਾ ਲੈ ਚੁੱਕਾ ਹੈ, ਜਿਸ ਦਾ ਪਰਿਵਾਰ ਆਸਟਰੇਲੀਆ ਵਿਚ ਰਹਿੰਦਾ ਹੈ, ਵੱਲੋਂ ਕੁੱਝ ਸਮੇਂ ਤੋਂ ਪ੍ਰਾਪਰਟੀ ਹਿੱਸੇ ਨੂੰ ਲੈ ਕੇ ਕਲੇਸ਼ ਕੀਤਾ ਜਾ ਰਿਹਾ ਹੈ। ਅੱਜ ਵੀ ਅਮਨਦੀਪ ਨੇ ਬਿਨਾਂ ਕਾਰਨ ਖੂਬ ਕਲੇਸ਼ ਕੀਤਾ। ਆਪਣੇ ਭਰਾ ਤੇ ਪਿਤਾ ਨੂੰ ਕਾਫੀ ਮਾੜਾ-ਚੰਗਾ ਵੀ ਬੋਲਿਆ। ਪ੍ਰੇਸ਼ਾਨ ਭਰਾ ਰਣਜੀਤ ਸਿੰਘ ਨੇ ਨੇੜੇ ਰਹਿਣ ਵਾਲੇ ਆਪਣੇ ਭਰਾ ਹਰਜੀਤ ਸਿੰਘ ਨੂੰ ਬੁਲਾ ਲਿਆ।
ਇਸ ਦੌਰਾਨ ਲੜਾਈ-ਝਗੜਾ ਵਧ ਗਿਆ ਤੇ ਅਮਨਦੀਪ ਨੇ ਤੈਸ਼ ਵਿਚ ਆ ਕੇ ਆਪਣੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਕਿ ਕਿਸੇ ਨੂੰ ਲੱਗੀ ਨਹੀਂ। ਲੜਾਈ ਦੌਰਾਨ ਕਿਹਾ ਜਾਂਦਾ ਹੈ ਕਿ ਪਿਤਾ ਨਾਰਾਇਣ ਫੱਟੜ ਹੋ ਗਿਆ, ਜਿਸ ਨੂੰ ਇਲਾਜ ਲਈ ਸੀ. ਐੱਮ. ਸੀ. ਦਾਖਲ ਕਰਵਾਇਆ ਗਿਆ ਹੈ। ਆਈ. ਓ. ਬਲਦੇਵ ਰਾਜ ਨੇ ਕਿਹਾ ਕਿ ਜ਼ਖ਼ਮੀ ਨਾਰਾਇਣ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।