ਖਰੜ ’ਚ ਡਿੱਗੀ 3 ਮੰਜ਼ਿਲਾ ਇਮਾਰਤ, 5 ਵਿਅਕਤੀ ਦੱਬੇ, ਇਕ ਦੀ ਮੌਤ
Saturday, Feb 08, 2020 - 03:04 PM (IST)
ਖਰੜ, (ਰਣਬੀਰ, ਅਮਰਦੀਪ)— ਖਰੜ-ਲਾਂਡਰਾ ਰੋਡ 'ਤੇ ਨਗਰ ਕੌਂਸਲ ਖਰੜ ਦੀ ਹੱਦ 'ਚ ਸਥਿਤ ਰੀਅਲ ਅਸਟੇਟ ਕੰਪਨੀ ਅੰਬਿਕਾ ਗਰੁੱਪ ਦੇ 3 ਮੰਜ਼ਿਲਾ ਮੁੱਖ ਦਫਤਰ ਦੀ ਇਮਾਰਤ ਦੁਪਹਿਰ ਵੇਲੇ ਅਚਾਨਕ ਡਿੱਗ ਗਈ। ਬਿਲਡਿੰਗ ਦੇ ਡਿੱਗਣ ਦਾ ਕਾਰਣ ਨਾਲ ਦੇ ਪਲਾਟ ਵਿਚ ਕਰਵਾਈ ਜਾ ਰਹੀ ਖੋਦਾਈ ਨੂੰ ਦੱਸਿਆ ਜਾ ਰਿਹਾ ਹੈ। 5 ਮਜ਼ਦੂਰ ਅਤੇ ਦਫਤਰ ਦੇ ਮੁਲਾਜ਼ਮ ਮਲਬੇ ਹੇਠ ਦੱਬ ਗਏ। 3 ਜ਼ਖ਼ਮੀਆਂ ਨੂੰ ਖਰੜ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਉਥੇ ਜੇ. ਸੀ. ਬੀ. ਆਪ੍ਰੇਟਰ ਹਰਵਿੰਦਰ ਸਿੰਘ ਵਾਸੀ ਪਿੰਡ ਬਡਵਾਲੀ ਨੇੜੇ ਮੋਰਿੰਡਾ (47) ਦੀ ਮਲਬੇ ਹੇਠਾਂ ਦੱਬਣ ਨਾਲ ਮੌਤ ਹੋ ਗਈ। ਹਰਜੀਤ ਸਿੰਘ ਨੂੰ ਰੈਸਕਿਊ ਕਰ ਲਿਆ ਗਿਆ, ਜਿਸ ਨੂੰ ਖਰੜ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਹਰਜੀਤ ਦੀ ਹਾਲਤ ਠੀਕ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਡੀ. ਐੱਮ. ਖਰੜ ਹਿਮਾਂਸ਼ੂ ਜੈਨ, ਡੀ. ਐੱਸ. ਪੀ. ਪਾਲ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਵਾਇਆ। ਪੰਚਕੂਲਾ ਤੋਂ ਐੱਨ. ਡੀ. ਆਰ. ਐੱਫ. ਦੀ ਟੀਮ ਨੂੰ ਸੱਦਿਆ ਗਿਆ ਹੈ, ਜਿਸ ਦੀ ਅਗਵਾਈ ਡੀ. ਐੱਸ. ਪੀ. ਗੋਬਿੰਦ ਸਿੰਘ ਕਰ ਰਹੇ ਹਨ।
ਇਸੇ ਦੌਰਾਨ ਸਿਹਤ ਮੰਤਰੀ ਨੇ ਮੌਕੇ ਦਾ ਦੌਰਾ ਕੀਤਾ ਤੇ ਉਨ੍ਹਾਂ ਡੀ. ਸੀ. ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਇਕ ਹਫਤੇ ਵਿਚ ਰਿਪੋਰਟ ਦੇਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਜੋ ਵੀ ਲੋਕ ਜ਼ਿੰਮੇਵਾਰ ਹੋਣਗੇ, ਉਨ੍ਹਾਂ ਸਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।