ਬਟਾਲਾ ਪਟਾਕਾ ਫੈਕਟਰੀ ਧਮਾਕੇ ਦੇ ਪੀੜਤਾਂ ਲਈ ਖਾਲਸਾ ਏਡ ਦਾ ਵੱਡਾ ਐਲਾਨ
Wednesday, Sep 11, 2019 - 06:48 PM (IST)
ਬਟਾਲਾ : ਬੀਤੇ ਦਿਨੀਂ ਬਟਾਲਾ ਸਥਿਤ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ ਪੀੜਤਾਂ ਦੀ ਮਦਦ ਲਈ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਅੱਗੇ ਆਈ ਹੈ। ਖਾਲਸਾ ਏਡ ਪੰਜਾਬ ਦੀ ਟੀਮ ਵਲੋਂ ਅੱਜ ਉਕਤ ਸਥਾਨ ਦਾ ਦੌਰਾ ਕੀਤਾ ਗਿਆ। ਖਾਲਸਾ ਏਡ ਦੇ ਵਾਲੰਟੀਅਰਾਂ ਨੇ ਕਿਹਾ ਕਿ ਇਸ ਹਾਦਸੇ ਵਿਚ ਲਗਭਗ 8 ਦੁਕਾਨਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਸਨ, ਜਿਨ੍ਹਾਂ ਦੀ ਮੁੜ ਉਸਾਰੀ ਤੇ ਮੁਰੰਮਤ ਦੀ ਜ਼ਿੰਮੇਵਾਰੀ ਖਾਲਸਾ ਏਡ ਨੇ ਲਈ ਹੈ। ਇਸ ਦੇ ਨਾਲ ਹੀ ਇਕ ਗੁਰੂ ਘਰ ਵੀ ਨੁਕਸਾਨਿਆ ਗਿਆ ਸੀ, ਦੀ ਵੀ ਖਾਲਸਾ ਏਡ ਮੁੜ ਉਸਾਰੀ ਕਰਵਾਏਗੀ। ਖਾਲਸਾ ਏਡ ਦੇ ਵਾਲੰਟੀਅਰਾਂ ਨੇ ਕਿਹਾ ਕਿ ਇਸ ਧਮਾਕੇ ਵਿਚ ਉਕਤ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਸੀ। ਖਾਲਸਾ ਏਡ ਇਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਮੁਰੰਮਤ ਕਰਵਾਏਗੀ ਤਾਂ ਜੋ ਉਨ੍ਹਾਂ ਨੂੰ ਮੁੜ ਰੋਜ਼ਗਾਰ ਮਿਲ ਸਕੇ।
ਦੱਸਣਯੋਗ ਹੈ ਕਿ 4 ਸਤੰਬਰ ਬੁੱਧਵਾਰ ਦੁਪਹਿਰ ਬਟਾਲਾ ਦੇ ਜਲੰਧਰ ਰੋਡ 'ਤੇ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿਚ ਲਗਭਗ 25 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਜਿੱਥੇ ਉਕਤ ਫੈਕਟਰੇ ਦੇ ਪਰਖੱਚੇ ਉੱਡ ਗਏ ਸਨ, ਉਥੇ ਹੀ ਫੈਕਟਰੀ ਦੇ ਨੇੜੇ ਕਈ ਘਰ ਅਤੇ ਦੁਕਾਨਾਂ ਢਹਿ ਢੇਰੀ ਹੋ ਗਈਆਂ ਸਨ।