ਬਸਪਾ 8 ਜੂਨ ਨੂੰ ਭਗਵੰਤ ਮਾਨ ਦੀ ਕੋਠੀ ਦਾ ਕਰੇਗੀ ਘਿਰਾਓ : ਜਸਵੀਰ ਸਿੰਘ ਗੜ੍ਹੀ
Tuesday, May 31, 2022 - 08:06 PM (IST)
ਜਲੰਧਰ (ਬਿਊਰੋ) : ਬਹੁਜਨ ਸਮਾਜ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਨੂੰ ਬੇਨਕਾਬ ਕਰਨ ਲਈ 8 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿੰਨੀ ਚਰਮਰਾ ਚੁੱਕੀ ਹੈ, ਇੰਨਾ ਬੁਰਾ ਹਾਲ ਤਾਂ 1984 ਵਿੱਚ ਵੀ ਨਹੀਂ ਸੀ ਹੋਇਆ। ਦਿਨ-ਦਿਹਾੜੇ ਕਬੱਡੀ ਖਿਡਾਰੀਆਂ ਸੰਦੀਪ ਨੰਗਲ ਅੰਬੀਆਂ ਅਤੇ ਧਰਮਿੰਦਰ ਦਾ ਕਤਲ ਕਰ ਦਿੱਤਾ ਗਿਆ। ਗੜ੍ਹੀ ਨੇ ਕਿਹਾ ਕਿ ਹੁਣ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਪੰਜਾਬ ਦੇ ਲਾਅ ਐਂਡ ਆਰਡਰ 'ਤੇ ਕਲੰਕ ਹੈ। ਇਹ ਸਰਕਾਰ ਦੀ ਨਾਲਾਇਕੀ ਹੈ। ਸਰਕਾਰ ਨੇ ਕਈ ਲੋਕਾਂ ਦੀ ਸੁਰੱਖਿਆ ਵਾਪਸ ਲੈ ਕੇ ਫੋਕੀ ਵਾਹ-ਵਾਹੀ ਲਈ ਇਸ ਨੂੰ ਮੀਡੀਆ 'ਚ ਮੁੱਦਾ ਬਣਾ ਕੇ ਪੇਸ਼ ਕੀਤਾ।
ਇਹ ਵੀ ਪੜ੍ਹੋ : ਕੀ ਕਾਂਗਰਸ ਪਾਰਟੀ ਆਪਣੇ ਨੌਜਵਾਨ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿਰਪੱਖ ਜਾਂਚ ਕਰਵਾਉਣ 'ਚ ਕਾਮਯਾਬ ਹੋਵੇਗੀ?
ਸਰਕਾਰ 'ਤੇ ਸਵਾਲ ਉਠਾਉਂਦਿਆਂ ਗੜ੍ਹੀ ਨੇ ਕਿਹਾ ਕਿ ਇਹ ਸਰਕਾਰ ਝੂਠੇ ਵਾਅਦੇ ਕਰਕੇ ਬਣੀ ਹੈ। ਇਹ 1 ਜੂਨ ਤੋਂ ਔਰਤਾਂ ਦਾ ਫ੍ਰੀ ਸਫਰ ਬੰਦ ਕਰ ਰਹੇ ਹਨ, 300 ਯੂਨਿਟ ਫ੍ਰੀ ਬਿਜਲੀ ਦਾ ਵਾਅਦਾ ਕੀਤਾ ਸੀ, ਉਸ 'ਤੇ 'ਆਪ' ਸਰਕਾਰ 1 ਕਿਲੋਵਾਟ ਦੀ ਸ਼ਰਤ ਲਗਾਉਣ ਲੱਗੀ ਹੈ। ਸਰਕਾਰ ਨੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ, ਉਸ 'ਤੇ ਆਨਾਕਾਨੀ ਕੀਤੀ ਜਾ ਰਹੀ ਹੈ। ਇਸ ਤੋਂ ਮਾੜੀ ਗੱਲ ਹੋਰ ਕੀ ਹੈ ਕਿ ਮਾਲਵਾ ਇਲਾਕੇ ਦੀ ਨਰਮਾ ਪੱਟੀ ਦੇ ਮਜ਼ਦੂਰ ਲੋਕ ਪਿਛਲੇ ਇਕ ਮਹੀਨੇ ਤੋਂ ਆਪਣੇ ਹੱਕਾਂ ਲਈ ਸੜਕਾਂ 'ਤੇ ਰੁਲ ਰਹੇ ਹਨ। ਮਜ਼ਦੂਰਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ 6000 ਰੁਪਏ ਪ੍ਰਤੀ ਏਕੜ ਝੋਨਾ ਲੁਆਈ ਤੇ 1500 ਪ੍ਰਤੀ ਏਕੜ ਪ੍ਰਤੀ ਕੁਇੰਟਲ ਨਰਮਾ ਤੁੜਾਈ ਮਿਲੇ। ਉਨ੍ਹਾਂ ਕਿਹਾ ਕਿ ਨਰਮਾ ਮਰ ਗਿਆ, ਮਜ਼ਦੂਰ ਮਜ਼ਦੂਰੀ ਨਹੀਂ ਕਰ ਸਕੇ, ਉਨ੍ਹਾਂ ਦਾ ਮੁਆਵਜ਼ਾ ਸਰਕਾਰ ਦੇ ਖਾਤਿਆਂ 'ਚ ਪਿਆ ਹੈ, ਜੋ ਮਜ਼ਦੂਰ ਨੂੰ ਨਹੀਂ ਮਿਲਿਆ। ਜੋ ਲੋਕ ਲਾਲ ਲਕਾਰ ਦੇ ਅੰਦਰ ਪਿਛਲੇ 75-75 ਸਾਲਾਂ ਤੋਂ ਰਹਿ ਰਹੇ ਹਨ, ਆਪਣੇ ਘਰਾਂ ਦੀ ਮਾਲਕੀ ਚਾਹੁੰਦੇ ਹਨ, ਉਨ੍ਹਾਂ ਨੂੰ ਕਿੰਨਾ ਚਿਰ ਰੋਕੀ ਰੱਖੋਂਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪਟਿਆਲਾ 'ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਪਿੰਡਾਂ 'ਚ ਜਾਤੀ ਯੁੱਧ ਹੋ ਰਹੇ ਹਨ ਤੇ ਸਰਕਾਰ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੈਠੀ ਹੋਈ ਹੈ। ਗੜ੍ਹੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ 'ਤੇ ਵੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਤਾਂ ਕਿਹਾ ਸੀ ਕਿ 1 ਅਪ੍ਰੈਲ ਤੋਂ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਪਰ ਇਸ ਤੋਂ ਬਾਅਦ ਤਾਂ 25-30 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਇਹ ਕਿਹੜਾ ਬਦਲਾਅ ਹੈ। ਗੜ੍ਹੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ 8 ਜੂਨ ਨੂੰ ਪੂਰੇ ਪੰਜਾਬ ਦੇ ਮਜ਼ਦੂਰਾਂ, ਦਲਿਤਾਂ, ਪੱਛੜਿਆਂ, ਵਿਦਿਆਰਥੀਆਂ ਤੇ ਔਰਤਾਂ ਦੇ ਹੱਕ ਵਿੱਚ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਤੇ ਰੋਸ ਮਾਰਚ ਕਰੇਗੀ।