ਡੇਰਾ ਸੱਚਾ ਸੌਦਾ ਮਾਮਲਾ : ਬੀ. ਐੱਸ. ਐੱਫ. ਤੇ ਪੁਲਸ ਦੀ ਸਰਚ ਮੁਹਿੰਮ ਜਾਰੀ

08/24/2017 9:54:29 AM

ਸਮਰਾਲਾ (ਬੰਗੜ, ਗਰਗ) : ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੇ 25 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣ ਨੂੰ ਲੈ ਕੇ ਪੰਜਾਬ ਵਿਚ ਹਾਲਾਤ ਵਿਗੜਨ ਦੇ ਖਦਸ਼ਿਆਂ 'ਤੇ ਪ੍ਰਤੀਕਰਮ ਦਿੰਦਿਆਂ ਪੁਲਸ ਜ਼ਿਲਾ ਖੰਨਾ ਦੇ ਮੁਖੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਵਿਚ ਅਮਨ-ਅਮਾਨ ਕਾਇਮ ਰੱਖਣ ਲਈ ਸ਼ਰਾਰਤੀ ਅਨਸਰਾਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਥਾਣਾ ਸਮਰਾਲਾ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਬੀ. ਐੱਸ. ਐੈੱਫ. ਤੇ ਪੰਜਾਬ ਪੁਲਸ ਦੇ ਜਵਾਨ ਵੱਖ-ਵੱਖ ਥਾਣਿਆਂ ਅਧੀਨ ਅਹਿਮ ਥਾਵਾਂ 'ਤੇ ਮੋਰਚੇ ਸੰਭਾਲ ਚੁੱਕੇ ਹਨ ਤੇ ਪੁਲਸ ਵਲੋਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਪੁਲਸ ਨਾਕਿਆਂ 'ਤੇ ਆਉਣ-ਜਾਣ ਵਾਲੇ ਵਾਹਨਾਂ ਤੇ ਰਾਹਗੀਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਲਾਕੇ 'ਚ ਮਾਹੌਲ ਖਰਾਬ ਕਰਨ ਦੇ ਇਰਾਦੇ ਨਾਲ ਘੁਸਪੈਠ ਨਾ ਕਰ ਸਕੇ। 
ਉਨ੍ਹਾਂ ਦੱਸਿਆ ਕਿ ਸਾਰੇ ਸ਼ਹਿਰਾਂ ਵਿਚ ਪੁਲਸ ਤੇ ਬੀ. ਐੱਸ. ਐੈੱਫ. ਦੇ ਜਵਾਨਾਂ ਵਲੋਂ ਮਿਲ ਕੇ ਫਲੈਗ ਮਾਰਚ ਕੱਢਿਆ ਜਾ ਚੁੱਕਾ ਹੈ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਚੇਤ ਹੋਈ ਪੁਲਸ ਨੇ ਗੜਬੜੀ ਤੇ ਭੰਨਤੋੜ ਦੀਆਂ ਕਾਰਵਾਈਆਂ ਨੂੰ ਰੋਕਣ ਤੇ 'ਅਮਨ-ਕਾਨੂੰਨ' ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸ਼ਹਿਰ 'ਚ ਵਿਸ਼ੇਸ਼ 'ਸਰਚ ਆਪ੍ਰੇਸ਼ਨ' ਸ਼ੁਰੂ ਕਰ ਦਿੱਤਾ ਹੈ। 
ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਜ਼ਿਲਾ ਖੰਨਾ ਦੀਆਂ ਹੱਦਾਂ ਨਾਲ ਲਗਦੇ ਦੂਜੇ ਪੁਲਸ ਜ਼ਿਲਿਆਂ ਦੀ ਪੁਲਸ ਅਤੇ ਉੱਚ ਅਧਿਕਾਰੀ ਹਾਟ ਲਾਈਨ ਰਾਹੀਂ ਦਿਨ-ਰਾਤ ਇਕ-ਦੂਜੇ ਦੇ ਸੰਪਰਕ ਵਿਚ ਹਨ, ਤਾਂ ਜੋ ਕੋਈ ਅਪਰਾਧੀ ਬਿਰਤੀ ਦਾ ਮਾਲਕ ਜਾਂ ਸ਼ਰਾਰਤੀ ਅਨਸਰ ਇਕ ਜ਼ਿਲੇ ਵਿਚੋਂ ਮਾਹੌਲ ਵਿਗਾੜ ਕੇ ਦੂਜੇ ਜ਼ਿਲੇ ਵਿਚ ਦਾਖਲ ਨਾ ਹੋ ਸਕੇ।
ਇਸ ਤੋਂ ਪਹਿਲਾਂ ਉਨ੍ਹਾਂ ਆਈ. ਟੀ. ਆਈ. ਸਮਰਾਲਾ ਵਿਖੇ ਬੀ. ਐੱਸ. ਐੈੱਫ. ਜਵਾਨਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਥੇ ਇਲਾਕੇ ਦੇ ਨਾਜ਼ੁਕ ਟਿਕਾਣਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡੀ. ਐੱਸ. ਪੀ. ਸਮਰਾਲਾ ਗੁਰਵਿੰਦਰਪਾਲ ਸਿੰਘ ਅਤੇ ਥਾਣਾ ਮੁਖੀ ਸੰਜੇ ਕੁਮਾਰ ਨੂੰ ਹਦਾਇਤਾਂ ਦਿੰਦਿਆਂ ਸ਼੍ਰੀ ਮਾਹਲ ਨੇ ਕਿਹਾ ਕਿ ਇਲਾਕੇ ਦੇ ਚੱਪੇ-ਚੱਪੇ 'ਤੇ ਬਾਜ ਅੱਖ ਨਾਲ ਪਹਿਰੇਦਾਰੀ ਕੀਤੀ ਜਾਵੇ।
ਖੁੱਲ੍ਹਾ ਪੈਟਰੋਲ ਵੇਚਣ 'ਤੇ ਪਾਬੰਦੀ
ਪੁਲਸ ਜ਼ਿਲਾ ਖੰਨਾ ਦੇ ਮੁਖੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਬਣੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਮੀਟਿੰਗ ਕਰਕੇ ਸਖਤ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਖੁੱਲ੍ਹਾ ਪੈਟਰੋਲ ਨਾ ਵੇਚਣ। ਪੰਪ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਵ੍ਹੀਕਲਾਂ ਅਤੇ ਵਾਹਨਾਂ ਵਿਚ ਹੀ ਪੈਟਰੋਲ ਪਾਇਆ ਜਾਵੇ। ਇਸ ਤੋਂ ਇਲਾਵਾ ਜੇ ਕੋਈ ਸ਼ੱਕੀ ਹਾਲਤ ਵਿਚ ਪੈਟਰੋਲ ਦੀ ਮੰਗ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। 
ਐਂਬੂਲੈਂਸਾਂ ਤੇ ਫਾਇਰ ਬ੍ਰਿਗੇਡ ਰਹਿਣਗੇ ਤਾਇਨਾਤ
ਥਾਣਾ ਸਮਰਾਲਾ ਵਿਖੇ ਗੱਲਬਾਤ ਦੌਰਾਨ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਨੂੰ ਧਿਆਨ 'ਚ ਰੱਖਦਿਆਂ ਪੁਲਸ ਵਿਭਾਗ ਵਲੋਂ ਬਾਕਾਇਦਾ ਰੂਪ ਵਿਚ ਪੁਖਤਾ ਪ੍ਰਬੰਧ ਕਰਦਿਆਂ ਸਰਕਾਰੀ ਹਸਪਤਾਲਾਂ ਅਤੇ ਮੁਢਲੇ ਸਿਹਤ ਕੇਂਦਰਾਂ 'ਚ ਜਿਥੇ 24 ਘੰਟੇ ਐਮਰਜੈਂਸੀ ਡਿਊਟੀ 'ਤੇ ਡਾਕਟਰਾਂ ਦੀ ਹਾਜ਼ਰੀ ਯਕੀਨੀ ਬਣਾਈ ਗਈ ਹੈ, ਉਥੇ ਤੈਅਸ਼ੁਦਾ ਪ੍ਰਮੁੱਖ ਟਿਕਾਣਿਆਂ 'ਤੇ ਐਂਬੂਲੈਂਸਾਂ ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਦਿਨ-ਰਾਤ ਤਿਆਰੀ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ, ਜਿਸਦੀ ਅਗਵਾਈ ਸਬੰਧਿਤ ਥਾਣਿਆਂ ਨੂੰ ਦਿੱਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਭੜਕਾਉਣ ਵਾਲਿਆਂ ਨੂੰ ਚਿਤਾਵਨੀ
ਗੱਲਬਾਤ ਦੌਰਾਨ ਐੱਸ. ਐੱਸ. ਪੀ. ਮਾਹਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਧਰਮ ਜਾਂ ਸਮਾਜ ਸਬੰਧੀ ਭੜਕਾਊ ਪੋਸਟਾਂ ਪਾਉਣ ਵਾਲੇ ਅਨਸਰਾਂ 'ਤੇ ਨਿਗਰਾਨੀ ਰੱਖਣ ਲਈ ਪੁਲਸ ਦੇ ਸਾਈਬਰ ਵਿੰਗ ਨੂੰ ਸਖ਼ਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਦਾ ਇਹ ਵਿਸ਼ੇਸ਼ ਵਿੰਗ ਫੇਸਬੁੱਕ, ਟਵਿਟਰ ਅਤੇ ਵਟਸਐਪ 'ਤੇ ਬਾਜ ਅੱਖ ਰੱਖੇਗਾ, ਜਿਥੇ ਕੋਈ ਵੀ ਮਾਹੌਲ ਨੂੰ ਭੜਕਾਉਣ ਵਾਲੀ ਪੋਸਟ ਨਜ਼ਰ ਆਵੇਗੀ ਤਾਂ ਤੁਰੰਤ ਪੋਸਟ ਪਾਉਣ ਵਾਲੇ ਅਨਸਰ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Related News