ਹਰਕਤਾਂ ਤੋਂ ਬਾਜ਼ ਨਹੀਂ ਆ ਰਿਹੈ ਪਾਕਿਸਤਾਨ, BSF ਨੇ ਭਾਰਤੀ ਖ਼ੇਤਰ 'ਚ ਦਾਖ਼ਲ ਹੋਏ ਡਰੋਨਾਂ 'ਤੇ ਕੀਤੀ ਫ਼ਾਇਰਿੰਗ
Sunday, Dec 04, 2022 - 09:02 AM (IST)

ਤਰਨਤਾਰਨ (ਰਮਨ)- ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਜੋ ਆਏ ਦਿਨ ਭਾਰਤ 'ਚ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥ ਵਿਸਫੋਟਕ ਸਮੱਗਰੀ ਅਤੇ ਅਸਲੇ ਦੀਆਂ ਖੇਪਾਂ ਭੇਜ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਫਿਰ ਤੋਂ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ 'ਚ 3 ਡਰੋਨਾਂ ਨੇ ਦਸਤਕ ਦਿੱਤੀ। ਜਿਸ ਦੀ ਆਵਾਜ਼ ਸੁਣ ਬੀ.ਐੱਸ.ਐੱਫ. ਵੱਲੋਂ ਫਾਇਰਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀ.ਐੱਸ.ਐੱਫ. ਵੱਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ 2 ਡਰੋਨਾਂ ਦੇ ਵਾਪਸ ਪਰਤਣ ਦੀ ਕੋਈ ਵੀ ਆਵਾਜ਼ ਸੁਣਾਈ ਨਾ ਦੇਣ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਅਭਿਆਨ ਜਾਰੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ.ਓ.ਪੀ ਕਾਲੀਆ ਦੇ ਪਿੱਲਰ ਨੰਬਰ 149/10 ਰਾਹੀਂ ਬੀਤੀ ਰਾਤ 11 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਵਿਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ.ਐੱਸ.ਐਫ ਦੀ 103 ਬਟਾਲੀਅਨ ਹਰਕਤ 'ਚ ਆ ਗਈ। ਇਸ ਦੌਰਾਨ ਡਰੋਨ ਦੇ ਵਾਪਸ ਪਰਤਣ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਰਹੱਦੀ ਖੇਤਰ ਸੈਕਟਰ ਖੇਮਕਰਨ ਵਿਖੇ ਬੀਤੀ ਰਾਤ ਕਰੀਬ ਢਾਈ ਵਜੇ ਬੀ.ਓ.ਪੀ ਕੇ.ਕੇ ਦੇ ਪਿਲੱਰ ਨੰਬਰ 154/18-19 ਰਹੀਓਂ ਦਾਖ਼ਲ ਹੋਣ ਸਬੰਧੀ ਅਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ.ਐੱਸ.ਐਫ. 101 ਬਟਾਲੀਅਨ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਇਲਾਕੇ 'ਚ ਡਰੋਨ ਵਾਪਸ ਜਾਣ ਸਬੰਧੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਤੜਕਸਾਰ 3 ਵਜੇ ਦੇ ਕਰੀਬ ਸੈਕਟਰ ਖੇਮਕਰਨ ਅਧੀਨ ਆਉਂਦੇ ਬੀ.ਓ.ਪੀ. ਗ਼ਜ਼ਲ ਵਿਖੇ ਨੰਬਰ 168/8 ਰਾਹੀਂ ਡਰੋਨ ਦੇ ਦਾਖ਼ਲ ਹੋਣ ਸਬੰਧੀ ਅਵਾਜ਼ ਸੁਣਾਈ ਦਿੰਦੇ ਸਾਰ ਹੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐਫ. ਦੀ 101 ਬਟਾਲੀਅਨ ਹਰਕਤ ਵਿਚ ਆ ਗਈ। ਕੁਝ ਸਮੇਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।