ਭਾਰਤੀ ਸਰਹੱਦ ’ਚ ਦਾਖ਼ਲ ਹੋਏ ਪਾਕਿਸਤਾਨੀ ਨਾਬਾਲਗ ਲੜਕੇ ਨੂੰ BSF ਨੇ ਕੀਤਾ ਕਾਬੂ

Sunday, Jun 19, 2022 - 05:16 PM (IST)

ਖੇਮਕਰਨ (ਸੋਨੀਆ) : ਭਾਰਤ-ਪਾਕਿਸਤਾਨ ਸਰਹੱਦ ਤੋਂ ਦਿਨ-ਬ-ਦਿਨ ਪਾਕਿਸਤਾਨੀ ਨਾਗਰਿਕ ਕਾਬੂ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਆਮ ਹੀ ਮਿਲਦੀਆਂ ਹਨ। ਕਈ ਪਾਕਿਸਤਾਨੀ ਨਾਗਰਿਕ ਜਾਣੇ-ਅਣਜਾਣੇ ’ਚ ਭਾਰਤ ਦੀ ਸਰਹੱਦ ਪਾਰ ਕਰ ਜਾਂਦੇ ਹਨ ਅਤੇ ਦੋਹਾਂ ਦੇਸ਼ਾਂ ਲਈ ਸ਼ਸ਼ੋਪੰਜ ਦਾ ਕਾਰਨ ਬਣਦੇ ਹਨ । ਇਸੇ ਤਰ੍ਹਾਂ ਬੀਤੀ ਰਾਤ ਬਟਾਲੀਅਨ 103 ਦੇ ਜਵਾਨਾਂ ਨੇ 10-12 ਸਾਲਾ ਨਾਬਾਲਗ ਨੂੰ ਬੀ. ਓ. ਪੀ. ਕਲਸ ਬੀ. ਪੀ. ਨੰਬਰ 153/ਐੱਮ. ਦੀ ਅਲਾਈਨਮੈਂਟ ਤੋਂ ਕਾਬੂ ਕੀਤਾ।  ਬੀ. ਐੱਸ. ਐੱਫ. ਬਟਾਲੀਅਨ 103 ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਸਰਹੱਦ ’ਚ ਦਾਖ਼ਲ ਹੁੰਦਿਆਂ ਵੇਖਿਆ ਤਾਂ ਲਲਕਾਰਾ ਮਾਰਿਆ। ਉਨ੍ਹਾਂ ’ਚੋਂ ਇਕ 10-12 ਸਾਲਾ ਲੜਕਾ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ ’ਚ ਦਾਖ਼ਲ ਹੋ ਗਿਆ, ਜਿਸ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਕਾਬੂ ਕਰ ਲਿਆ ਗਿਆ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੌਰਾਨ ਪਾਕਿਸਤਾਨੀ ਬੱਚੇ ਦੀ ਪਛਾਣ ਅੱਲ੍ਹਾਦਿੱਤਾ ਪੁੱਤਰ ਲਿਆਕਤ ਅਲੀ ਵਜੋਂ ਹੋਈ। ਉਸ ਨੇ ਦੱਸਿਆ ਕਿ ਉਸ ਦੇ ਨਾਲ ਉਸ ਦਾ ਚਚੇਰਾ ਭਰਾ ਬਿਲਾਲ ਵੀ ਸੀ, ਜੋ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਦੇਖ ਕੇ ਪਾਕਿਸਤਾਨੀ ਖੇਤਾਂ ਵੱਲ ਦੌੜ ਗਿਆ ਪਰ ਅੱਲ੍ਹਾਦਿੱਤਾ ਭਾਰਤੀ ਸਰਹੱਦ ’ਚ ਸਥਿਰ ਰਿਹਾ।

ਇਹ ਵੀ ਪੜ੍ਹੋ : ਫਿਲੌਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਸਾਲਾ ਬੱਚੇ ਦੀ ਮੌਤ

ਅੱਲ੍ਹਾਦਿੱਤਾ ਨੇ ਦੱਸਿਆ ਕਿ ਉਹ ਗ਼ਰੀਬ ਪਰਿਵਾਰ ਦਾ ਲੜਕਾ ਹੈ ਅਤੇ ਉਸ ਦੀ ਮਾਤਾ ਗੁਜ਼ਰ ਚੁੱਕੀ ਹੈ। ਘਰ ’ਚ ਉਸ ਦਾ ਛੋਟਾ ਭਰਾ ਅਤੇ ਉਸ ਦੇ ਪਿਤਾ ਹਨ, ਜੋ ਮਿਹਨਤ-ਮਜ਼ਦੂਰੀ ਕਰਦੇ ਹਨ। ਘਰ ’ਚ ਗ਼ਰੀਬੀ ਹੋਣ ਕਾਰਨ ਉਸ ਦੇ ਪਿਤਾ ਲਿਆਕਤ ਅਲੀ ਨੇ ਅੱਲ੍ਹਾਦਿੱਤਾ ਨੂੰ ਉਸ ਦੇ ਚਚੇਰੇ ਭਰਾ ਬਿਲਾਲ ਨਾਲ  ਭੇਜਿਆ ਤਾਂ ਕਿ ਉਹ ਕੋਈ ਕੰਮ ਕਰ ਕਰ ਸਕੇ। ਬਿਲਾਲ ਨੇ ਉਸ ਨੂੰ ਕਸੂਰ (ਪਾਕਿਸਤਾਨ) ਗੱਤੇ ਦੀ ਫੈਕਟਰੀ ਵਿਚ ਕੰਮ ਕਰਨ ਲਈ ਲਿਆਂਦਾ ਅਤੇ ਉਹ ਆਸ-ਪਾਸ ਦੇ ਖੇਤਰਾਂ ਤੋਂ ਬਿਲਕੁਲ ਅਣਜਾਣ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਪਾਕਿਸਤਾਨੀ ਬੱਚੇ ਦੀ ਤਲਾਸ਼ੀ ਦੌਰਾਨ ਕਿਸੇ ਕਿਸਮ ਦੀ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਬੱਚਾ ਬੀ.ਐੱਸ.ਐੱਫ. ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸੀ।


Manoj

Content Editor

Related News